ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਦੇ ਪੰਜਾਬ, ਖੈਬਰ ਪਖ਼ਤੂਨਖ਼ਵਾ ਅਤੇ ਪੀਓਕੇ ਵਿੱਚ ਭਾਰੀ ਮੀਂਹ ਤੇ ਭਾਰਤ ਵੱਲੋਂ ਛੱਡੇ ਗਏ ਪਾਣੀ ਕਾਰਨ ਹੜ੍ਹ ਦੀ ਸਥਿਤੀ ਬੇਹੱਦ ਗੰਭੀਰ ਹੋ ਗਈ ਹੈ। ਸਭ ਤੋਂ ਵੱਧ ਨੁਕਸਾਨ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਹੋਇਆ ਹੈ ਜਿੱਥੇ ਰਾਤੋਂ-ਰਾਤ ਗੁਰਦੁਆਰਾ ਸਾਹਿਬ ਦਾ ਨੀਵਾਂ ਹਿੱਸਾ ਪਾਣੀ ਵਿੱਚ ਡੁੱਬ ਗਿਆ। ਅੰਗੀਠਾ ਸਾਹਿਬ, ਮਜ਼ਾਰ ਸਾਹਿਬ ਅਤੇ ਖੂਹ ਸਾਹਿਬ ਵੀ ਪਾਣੀ ਵਿੱਚ ਸਮਾ ਗਏ ਹਨ ਅਤੇ ਸੇਵਾਦਾਰਾਂ ਨਾਲ ਸੰਪਰਕ ਟੁੱਟ ਗਿਆ ਹੈ।
ਪਾਕਿਸਤਾਨ ਦੀ ਆਫ਼ਤ ਪ੍ਰਬੰਧਨ ਏਜੰਸੀ ਮੁਤਾਬਕ ਲਗਭਗ ਇੱਕ ਲੱਖ ਪੰਜਾਹ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਚੁੱਕਾ ਹੈ। ਮਾਧੋਪੁਰ ਹੈਡਵਰਕਸ ਤੋਂ ਰਾਵੀ ਵਿੱਚ ਵਧੇ ਪਾਣੀ ਨੇ ਹਾਲਾਤ ਹੋਰ ਖਰਾਬ ਕਰ ਦਿੱਤੇ ਹਨ, ਜਦਕਿ ਸਤਲੁਜ ਦੇ ਪਾਣੀ ਨੇ ਦੱਖਣੀ ਪੰਜਾਬ ਦੇ ਕਈ ਇਲਾਕੇ ਜਲਮਗਨ ਕਰ ਦਿੱਤੇ ਹਨ।
ਸਰਕਾਰ ਨੇ ਬਹਾਵਲਨਗਰ, ਕਸੂਰ, ਓਕਾਰਾ, ਪਾਕਪੱਟਨ, ਬਹਾਵਲਪੁਰ ਅਤੇ ਵੇਹਾਰੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਨਦੀਆਂ ਅਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਅਗਲੇ ਦਿਨਾਂ ਵਿੱਚ ਹੜ੍ਹ ਦਾ ਖ਼ਤਰਾ ਹੋਰ ਵੱਧ ਸਕਦਾ ਹੈ।
