ਗੁਰਪ੍ਰੀਤ ਸਿੰਘ :- ਸੰਗਰੂਰ ਦੇ ਉੱਬਾਂਵਾਲ ਰੋਡ ’ਤੇ ਅੱਜ ਸਵੇਰੇ ਧੁੰਦ ਕਾਰਨ ਵੱਡਾ ਸੜਕ ਹਾਦਸਾ ਵਾਪਰ ਗਿਆ। ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ਉੱਤੇ ਲਗਭਗ 10 ਗੱਡੀਆਂ ਆਪਸ ਵਿੱਚ ਭਿੜ ਗਈਆਂ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਸਵੇਰੇ ਕਰੀਬ 7:30 ਵਜੇ ਦਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ, ਗੱਡੀਆਂ ਚੰਡੀਗੜ੍ਹ ਤੋਂ ਬਠਿੰਡਾ ਵੱਲ ਜਾ ਰਹੀਆਂ ਸਨ। ਸੰਘਣੀ ਧੁੰਦ ਹੋਣ ਕਾਰਨ ਦਿੱਖ ਬਹੁਤ ਘੱਟ ਸੀ, ਜਿਸ ਕਰਕੇ ਇੱਕ ਤੋਂ ਬਾਅਦ ਇੱਕ ਗੱਡੀ ਟਕਰਾਉਂਦੀ ਚਲੀ ਗਈ। ਟੱਕਰ ਤੋਂ ਬਾਅਦ ਕੁਝ ਵਾਹਨ ਸੜਕ ਤੋਂ ਫਿਸਲ ਕੇ ਖੱਡਾਂ ਵਿੱਚ ਵੀ ਉਤਰ ਗਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਟ੍ਰੈਫਿਕ ਨੂੰ ਕਾਬੂ ਵਿੱਚ ਲਿਆਂਦਾ ਗਿਆ ਅਤੇ ਹਾਈਵੇ ’ਤੇ ਫਸੇ ਵਾਹਨਾਂ ਨੂੰ ਹਟਾ ਕੇ ਰਸਤਾ ਖਾਲੀ ਕਰਵਾਇਆ ਗਿਆ। ਜ਼ਖ਼ਮੀਆਂ ਨੂੰ ਤੁਰੰਤ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਧੁੰਦ ਦੇ ਮੌਸਮ ਦੌਰਾਨ ਸਾਵਧਾਨੀ ਨਾਲ ਵਾਹਨ ਚਲਾਏ ਜਾਣ ਅਤੇ ਤੇਜ਼ ਰਫ਼ਤਾਰ ਤੋਂ ਬਚਿਆ ਜਾਵੇ। ਇਸ ਹਾਦਸੇ ਨਾਲ ਸੰਬੰਧਿਤ ਹੋਰ ਜਾਣਕਾਰੀਆਂ ਦੀ ਉਡੀਕ ਕੀਤੀ ਜਾ ਰਹੀ ਹੈ।
