ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਸਾਮ ਦੀ ਸਿਲਚਰ ਜੇਲ੍ਹ ‘ਚੋਂ ਅੰਮ੍ਰਿਤਸਰ ਲਿਆਂਦਾ ਗਿਆ , ਬਟਾਲਾ ਦੀ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

ਨੈਸ਼ਨਲ ਟਾਈਮਜ਼ ਬਿਊਰੋ :- ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਵੀਰਵਾਰ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਸਾਮ ਦੀ ਸਿਲਚਰ ਜੇਲ੍ਹ ‘ਚੋਂ ਹਵਾਈ ਉਡਾਣ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ ਹੈ,ਜਿੱਥੇ ਉਸਨੂੰ ਮਾਰਚ ਤੋਂ ਐਨਡੀਪੀਐਸ ਅਤੇ ਪੀਟੀ ਐਕਟ ਤਹਿਤ ਨਜ਼ਰਬੰਦ ਕੀਤਾ ਗਿਆ ਸੀ। ਦੱਸਿਆ ਗਿਆ ਹੈ ਕਿ ਜੱਗੂ ਨੂੰ ਉਸ ਦੀ ਮਾਂ ਹਰਜੀਤ ਕੌਰ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਪੁੱਛਗਿੱਛ ਲਈ ਅੰਮ੍ਰਿਤਸਰ ਅਤੇ ਬਟਾਲਾ ਲਿਆਂਦਾ ਗਿਆ ਹੈ। ਜੱਗੂ ਭਗਵਾਨਪੁਰੀਆ ਨੂੰ ਬਟਾਲਾ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।   

ਇਸ ਦੌਰਾਨ ਜੱਗੂ ਭਗਵਾਨਪੁਰੀਆ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਖਦਸ਼ਾ ਜਤਾਇਆ ਗਿਆ ਹੈ ਕਿ ਪੁਲਿਸ ਉਸ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਸਕਦੀ ਹੈ ਜਾਂ ਵਿਰੋਧੀ ਗੈਂਗਸਟਰ ਉਸ ’ਤੇ ਹਮਲਾ ਕਰ ਸਕਦੇ ਹਨ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਸੁਰੱਖਿਆ ਵਿੱਚ ਕੁਤਾਹੀ ਤੋਂ ਬਚਣ ਲਈ ਉਸ ਨੂੰ ਹਿਰਾਸਤ ਦੌਰਾਨ ਹੱਥਕੜੀਆਂ ਅਤੇ ਬੇੜੀਆਂ ਲਗਾਈਆਂ ਜਾਣ, ਉਸ ਨੂੰ ਸੀਸੀਟੀਵੀ-ਨਿਗਰਾਨੀ ਵਾਲੇ ਖੇਤਰ ਵਿੱਚ ਰੱਖਿਆ ਜਾਵੇ ਅਤੇ ਸਾਰੀਆਂ ਕਾਰਵਾਈਆਂ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇ।

ਭਗਵਾਨਪੁਰੀਆ ਨੇ ਕਿਹਾ ਕਿ ਵਿਰੋਧੀ ਗੈਂਗਸਟਰਾਂ ਤੋਂ ਉਸ ਦੀ ਜਾਨ ਨੂੰ ਖ਼ਤਰਾ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਮਾਂ ਦੀ 26 ਜੂਨ 2025 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜੋ ਕਿ ਉਸ ਦੇ ਵਿਰੁੱਧ ਸਾਜ਼ਿਸ਼ ਦਾ ਮਹੱਤਵਪੂਰਨ ਸਬੂਤ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਰਾਜ ਸਰਕਾਰ ਅਤੇ ਸਬੰਧਤ ਏਜੰਸੀਆਂ ਤੋਂ ਸਟੇਟਸ ਰਿਪੋਰਟ ਮੰਗੀ ਹੈ। ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਜੱਗੂ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਬਾਅਦ ਇਹ ਜੱਗੂ ਦੀ ਪੰਜਾਬ ਦੀ ਪਹਿਲੀ ਫੇਰੀ ਹੈ।

ਜੱਗੂ ਭਗਵਾਨਪੁਰੀਆ ਕੌਣ ਹੈ?

ਜੱਗੂ ਭਗਵਾਨਪੁਰੀਆ ਗੁਰਦਾਸਪੁਰ ਦੇ ਭਗਵਾਨਪੁਰ ਪਿੰਡ ਦਾ ਵਸਨੀਕ ਹੈ। ਉਹ 2014 ਵਿੱਚ ਧਿਆਨਪੁਰ ਪਿੰਡ ਵਿੱਚ ਹੋਏ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। 2015 ਵਿੱਚ ਪੰਜਾਬ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ 23 ਮਾਰਚ 2025 ਨੂੰ ਅਸਾਮ ਦੀ ਸਿਲਚਰ ਕੇਂਦਰੀ ਜੇਲ੍ਹ ਭੇਜਿਆ ਗਿਆ। ਜੱਗੂ ਭਗਵਾਨਪੁਰੀਆ ‘ਤੇ ਪੰਜਾਬ ਅਤੇ ਹੋਰ ਰਾਜਾਂ ਵਿੱਚ 128 ਤੋਂ ਵੱਧ ਕੇਸ ਦਰਜ ਹਨ। ਉੱਤਰੀ ਭਾਰਤ ਵਿੱਚ ਹਥਿਆਰਾਂ ਦਾ ਸਭ ਤੋਂ ਵੱਡਾ ਨੈੱਟਵਰਕ ਬਣਾਉਣਾ ,ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਬਰੀ ਵਸੂਲੀ ਤੋਂ ਕਾਫ਼ੀ ਮੁਨਾਫ਼ਾ ਕਮਾਉਣਾ ਉਸਦਾ ਪੇਸ਼ਾ ਹੈ। ਇਨ੍ਹਾਂ ਵੱਡੇ ਮਾਮਲਿਆਂ ਵਿੱਚ ਉਸਦਾ ਨਾਮ ਸਾਹਮਣੇ ਆਇਆ ਹੈ। 3 ਅਗਸਤ 2021 ਨੂੰ ਉਸਨੇ ਇੱਕ ਹਸਪਤਾਲ ਵਿੱਚ ਪੰਜਾਬ ਦੇ ਬਦਨਾਮ ਗੈਂਗਸਟਰ ਰਾਣਾ ਕੰਦੋਵਾਲੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। 29 ਮਈ 2022 ਨੂੰ ਉਸਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲਾਰੈਂਸ ਗੈਂਗ ਨੂੰ ਸ਼ੂਟਰ , ਹਥਿਆਰ ਅਤੇ ਵਾਹਨ ਮੁਹੱਈਆ ਕਰਵਾਏ।

By Gurpreet Singh

Leave a Reply

Your email address will not be published. Required fields are marked *