ਸਰੀ (ਅਮ੍ਰਿਤ ਧੋਤ) :- ਸਰੀ-ਗਿਲਫੋਰਡ ਤੋਂ ਵਿਧਾਇਕ ਚੁਣੇ ਗਏ ਗੈਰੀ ਥਿੰਦ ਵੱਲੋਂ ਚੋਣਾਂ ਵਿੱਚ ਮਿਲੀ ਸਫ਼ਲਤਾ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਅਤੇ ਅਗਲੇ ਸਫ਼ਰ ਲਈ ਅਸ਼ੀਰਵਾਦ ਲੈਣ ਵਾਸਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਸਰੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ। 13 ਤੋਂ 15 ਨਵੰਬਰ ਤੱਕ ਚੱਲੇ ਇਸ ਧਾਰਮਿਕ ਸਮਾਗਮ ਦੀ ਐਤਵਾਰ ਸਵੇਰੇ ਭੋਗ ਪਾਉਣ ਦੀ ਰਸਮ ਨਾਲ ਸਮਾਪਤੀ ਹੋਈ।
ਸੰਗਤ ਨੇ ਸਮਾਗਮ ’ਚ ਭਰੀ ਹਾਜ਼ਰੀ
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਇਲਾਕੇ ਦੀਆਂ ਸੰਗਤਾਂ, ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਮਰਥਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਾਰਿਆਂ ਨੇ ਗੁਰਬਾਣੀ ਦਾ ਸਰਵਣ ਕੀਤਾ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ। ਗੈਰੀ ਥਿੰਦ ਨੇ ਆਪਣੀ ਚੋਣ ਸਫ਼ਲਤਾ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਵੋਟਰਾਂ, ਪਾਰਟੀ ਵਰਕਰਾਂ, ਚੋਣ ਮੁਹਿੰਮ ਨਾਲ ਜੁੜੇ ਵਲੰਟੀਅਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ।

ਸਕੂਲ ਟਰੱਸਟੀ ਚੋਣ ’ਚ ਵੀ ਮਿਲੀਆਂ ਸਨ ਸਭ ਤੋਂ ਵੱਧ ਵੋਟਾਂ
ਗੈਰੀ ਥਿੰਦ ਦੀ ਸਿਆਸੀ ਸਫ਼ਲਤਾ ਦਾ ਸਫ਼ਰ ਸਕੂਲ ਟਰੱਸਟੀ ਦੀ ਚੋਣ ਤੋਂ ਵੀ ਜੁੜਿਆ ਹੋਇਆ ਹੈ। ਸਰੀ ਦੀ ਮਿਊਂਸਪਲ ਸਕੂਲ ਟਰੱਸਟੀ ਚੋਣ ਵਿੱਚ ਉਨ੍ਹਾਂ ਨੂੰ 43,900 ਵੋਟਾਂ ਮਿਲੀਆਂ ਸਨ ਅਤੇ ਉਹ ਚੁਣੇ ਗਏ ਟਰੱਸਟੀਆਂ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਦੀਆਂ ਵੋਟਾਂ ਦੀ ਗਿਣਤੀ ਮੇਅਰ ਦੀ ਚੋਣ ਜਿੱਤਣ ਵਾਲੇ ਡੱਗ ਮੈਕੈਲਮ ਨੂੰ ਮਿਲੀਆਂ 42,741 ਵੋਟਾਂ ਤੋਂ ਵੀ ਵੱਧ ਸੀ।
ਸਰੀ-ਗਿਲਫੋਰਡ ਹਲਕੇ ਤੋਂ 1,564 ਵੋਟਾਂ ਨਾਲ ਜਿੱਤੇ
ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਵਿੱਚ ਗੈਰੀ ਥਿੰਦ ਨੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਵਜੋਂ ਸਰੀ-ਗਿਲਫੋਰਡ ਹਲਕੇ ਤੋਂ ਚੋਣ ਲੜੀ। ਉਨ੍ਹਾਂ ਨੇ 8,469 ਵੋਟਾਂ ਹਾਸਲ ਕਰਕੇ ਬੀ.ਸੀ. ਐੱਨ.ਡੀ.ਪੀ. ਦੇ ਉਮੀਦਵਾਰ ਗੈਰੀ ਬੈਗ ਨੂੰ ਹਰਾਇਆ, ਜਿਨ੍ਹਾਂ ਨੂੰ 6,905 ਵੋਟਾਂ ਮਿਲੀਆਂ। ਇਸ ਤਰ੍ਹਾਂ ਥਿੰਦ ਨੇ 1,564 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ।
ਸਮਾਗਮ ਦੀ ਸਮਾਪਤੀ ਮੌਕੇ ਗੈਰੀ ਥਿੰਦ ਨੇ ਨਿਮਰਤਾ ਅਤੇ ਸ਼ੁਕਰਾਨੇ ਦੀ ਭਾਵਨਾ ਪ੍ਰਗਟਾਈ। ਵਿਧਾਇਕ ਵਜੋਂ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੇ ਵਾਹਿਗੁਰੂ ਅੱਗੇ ਲੋਕਾਂ ਦੀ ਸੇਵਾ ਕਰਨ ਦੀ ਸਮਰੱਥਾ ਬਖ਼ਸ਼ਣ ਅਤੇ ਆਉਣ ਵਾਲੇ ਸਮੇਂ ਲਈ ਮਿਹਰ ਬਣਾਈ ਰੱਖਣ ਦੀ ਅਰਦਾਸ ਕੀਤੀ।
