ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ’ਚ ਕਬੱਡੀ ਕੱਪ ਕਰਵਾਉਣ ਦੀ ਰਣਨੀਤੀ ਉਲੀਕਣ ਲਈ ਸੱਤ ਸਮੁੰਦਰ ਪਾਰ ਤੋਂ ਪੁੱਜੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਪਿੰਡ ਰੂਮੀ ਵਿਖੇ ਇਕੱਤਰਤਾ ਕੀਤੀ। ਯੰਗ ਕਬੱਡੀ ਕਲੱਬ ਦੇ ਪ੍ਰਧਾਨ ਇੰਦਰਜੀਤ ਰੂਮੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਕਬੱਡੀ ਪ੍ਰੇਮੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ।
ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਨੈਸ਼ਨਲ ਸਪੋਰਟਸ ਕਲੱਬ ਕੈਨੇਡਾ ਦੇ ਪ੍ਰਧਾਨ ਨੀਟੂ ਕੰਗ ਨੂੰ ਸਨਮਾਨਤ ਕੀਤਾ ਗਿਆ।ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦੋਵੇਂ ਪ੍ਰਧਾਨਾਂ ਇੰਦਰਜੀਤ ਰੂਮੀ ਅਤੇ ਨੀਟੂ ਕੰਗ ਨੇ ਕਿਹਾ ਕਿ ਪੰਜਾਬ ਦੇ ਕਬੱਡੀ ਖਿਡਾਰੀ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਵਿਦੇਸ਼ਾਂ ’ਚ ਵੀ ਪ੍ਰਫੁੱਲਤ ਕਰ ਰਹੇ ਹਨ। ਉਥੇ ਹੋ ਰਹੇ ਕਬੱਡੀ ਕੱਪਾਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਅਤੇ ਪਿੰਡਾਂ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਹੋਣ ਦੀ ਅਪੀਲ ਕੀਤੀ ਕਿ ਖੇਡਾਂ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ, ਸਰੀਰਕ ਤੰਦਰੁਸਤੀ ਤੇ ਜ਼ਿੰਦਗੀ ਦੀ ਮੰਜ਼ਿਲ ਸਰ ਕਰਨ ਲਈ ਸਹਾਈ ਹੁੰਦੀਆਂ ਹਨ।
ਪੰਜਾਬ ’ਚ ਨੌਜਵਾਨ ਗਲਤ ਸੰਗਤ ਦਾ ਸ਼ਿਕਾਰ ਹੋਣ ਦੀ ਥਾਂ ਖੇਡ ਗਰਾਊਂਡਾਂ ਦਾ ਸ਼ਿੰਗਾਰ ਬਣਨ। ਚੰਗੀ ਖੇਡ ’ਚ ਪਰਪੱਕ ਖਿਡਾਰੀਆਂ ਲਈ ਵਿਦੇਸ਼ਾਂ ਵਿਚ ਕਈ ਸੁਨਹਿਰੀ ਮੌਕੇ ਹਨ। ਇਸ ਮੌਕੇ ਪ੍ਰਧਾਨ ਰੂੰਮੀ ਨੇ ਪ੍ਰਧਾਨ ਨੀਟੂ ਕੰਗ ਦੇ ਪਿੰਡ ਰੂਮੀ ਪੁੱਜਣ ’ਤੇ ਨਿੱਘਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਹੰਸਰਾ, ਇੰਦਰਜੀਤ ਸਿੰਘ ਗਿੱਲ, ਜੱਗਾ ਬਾਸੀ, ਮਨਦੀਪ ਸਿੰਘ, ਸਰਪੰਚ ਮਨੀ ਬਾਸੀ, ਤੇਜਿੰਦਰ ਹੰਸਰਾ, ਪ੍ਰਧਾਨ ਬਲਵਿੰਦਰ ਹੰਸਰਾ, ਮਨਪ੍ਰੀਤ ਸਰਪੰਚ, ਇੰਦਰਜੀਤ ਸਿੰਘ, ਪਲਵਿੰਦਰ ਸਿੰਘ, ਜਗਦੀਸ਼ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ ਤੇ ਗੁਰਵਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
