ਧੋਖੇ ਨਾਲ 25 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਕੀਤੇ ਚੋਰੀ, 1 ਗ੍ਰਿਫ਼ਤਾਰ, ਮੁੱਖ ਦੋਸ਼ੀ ਫਰਾਰ

ਨੈਸ਼ਨਲ ਟਾਈਮਜ਼ ਬਿਊਰੋ :- ਨੈਸ਼ਨਲ ਟਾਈਮਜ਼ ਬਿਊਰੋ :- ਬੱਸ ਅੱਡਾ ਪੁਲਸ ਸਟੇਸ਼ਨ ਨੇ ਧੋਖੇ ਨਾਲ 25 ਲੱਖ ਰੁਪਏ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ਵਿਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਪੁਲਸ ਗਹਿਣੇ ਲੈ ਕੇ ਭੱਜਣ ਵਾਲੇ ਉਸ ਦੇ ਸਾਥੀ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਡਿਵੀਜ਼ਨ ਨੰਬਰ-6 (ਮਾਡਲ ਟਾਊਨ) ਦੇ ਮੁਖੀ ਇੰਸਪੈਕਟਰ ਅਜਾਇਬ ਸਿੰਘ ਔਜਲਾ ਨੇ ਦੱਸਿਆ ਕਿ ਬੱਸ ਅੱਡਾ ਪੁਲਸ ਸਟੇਸ਼ਨ ਦੇ ਇੰਚਾਰਜ ਮਹਿੰਦਰ ਸਿੰਘ ਦੀ ਅਗਵਾਈ ਹੇਠ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਏ. ਐੱਸ. ਆਈ. ਦਿਲਬਾਗ ਸਿੰਘ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ 25 ਸਾਲਾ ਵਿਸ਼ਾਲ ਮਿਸ਼ਰਾ ਪੁੱਤਰ ਕਾਂਸ਼ੀ ਨਾਥ ਮਿਸ਼ਰਾ ਵਾਸੀ ਪਿੰਡ ਡੋਗਲਪੁਰ ਥਾਣਾ ਜਲਾਲਪੁਰੀ ਜ਼ਿਲ੍ਹਾ ਜੌਨਪੁਰ, ਯੂ. ਪੀ. ਵਜੋਂ ਹੋਈ ਹੈ, ਜੋ ਇਸ ਸਮੇਂ ਸ਼ਾਦੀਪੁਰ ਕਾਲੋਨੀ, ਥਾਣਾ ਸ਼ਾਦੀਪੁਰ ਦਿੱਲੀ ਵਿਚ ਰਹਿੰਦਾ ਹੈ। ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ 3 ਦਿਨਾਂ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਉਸ ਦੇ ਫਰਾਰ ਸਾਥੀ ਸਚਿਨ ਸੋਨੀ (ਮੁੱਖ ਦੋਸ਼ੀ) ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਐੱਸ. ਐੱਚ. ਓ. ਔਜਲਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਮਕਾਨ ਨੰਬਰ-60 ਗਾਰਡਨ ਅਸਟੇਟ ਵੇਰਕਾ ਪਲਾਂਟ ਬਾਈਪਾਸ ਅੰਮ੍ਰਿਤਸਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਕਿਹਾ ਸੀ ਕਿ 4 ਜੂਨ ਨੂੰ ਸਚਿਨ ਸੋਨੀ ਨੇ ਉਸ ਨੂੰ 320 ਗ੍ਰਾਮ ਸੋਨੇ ਦੇ ਗਹਿਣੇ ਤਿਆਰ ਕਰਨ ਦਾ ਆਰਡਰ ਦਿੱਤਾ ਸੀ, ਜਿਸ ਦੀ ਬਾਜ਼ਾਰੀ ਕੀਮਤ 25 ਲੱਖ ਰੁਪਏ ਸੀ। ਮਨਪ੍ਰੀਤ ਨੇ ਕਿਹਾ ਕਿ ਸਚਿਨ ਦੇ ਕਹਿਣ ਅਨੁਸਾਰ ਉਹ 8 ਜੁਲਾਈ ਨੂੰ ਦੁਪਹਿਰ 2 ਵਜੇ ਬੱਸ ਅੱਡਾ ਜਲੰਧਰ ਨੇੜੇ ਸਥਿਤ ਹੋਟਲ ਰੈਜ਼ੀਡੈਂਸੀ ਵਿਚ ਇਹ ਤਿਆਰ ਕੀਤੇ ਗਹਿਣੇ ਲੈ ਕੇ ਆਇਆ।

ਮਨਪ੍ਰੀਤ ਨੇ ਕਿਹਾ ਕਿ ਸਚਿਨ ਸੋਨੀ ਅਤੇ ਉਸ ਦਾ ਦੋਸਤ ਵਿਸ਼ਾਲ ਮਿਸ਼ਰਾ ਵੀ ਹੋਟਲ ਵਿਚ ਠਹਿਰੇ ਹੋਏ ਸਨ। ਮਨਪ੍ਰੀਤ ਨੇ ਕਿਹਾ ਕਿ ਜਦੋਂ ਉਹ ਹੋਟਲ ਦੇ ਬਾਥਰੂਮ ਵਿਚ ਗਿਆ ਤਾਂ ਉਸ ਸਮੇਂ ਸਚਿਨ ਅਤੇ ਵਿਸ਼ਾਲ ਕਮਰੇ ਵਮਚੋਂ ਗਹਿਣੇ ਲੈ ਕੇ ਭੱਜ ਗਏ। ਐੱਸ. ਐੱਚ. ਓ. ਨੇ ਕਿਹਾ ਕਿ ਮਨਪ੍ਰੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਸਚਿਨ ਅਤੇ ਵਿਸ਼ਾਲ ਵਿਰੁੱਧ 9 ਜੁਲਾਈ ਨੂੰ ਥਾਣਾ ਡਿਵੀਜ਼ਨ ਨੰਬਰ-06 ਵਿਚ ਧਾਰਾ 316(2), 318(4), 61(2), 305 ਬੀ. ਐੱਨ. ਐੱਸ. ਤਹਿਤ ਐੱਫ. ਆਈ. ਆਰ. ਨੰਬਰ 130 ਦਰਜ ਕੀਤੀ ਹੈ। ਐੱਫ਼. ਆਈ. ਆਰ. ਦਰਜ ਕਰਨ ਤੋਂ ਬਾਅਦ ਪੁਲਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਵਿਸ਼ਾਲ ਮਿਸ਼ਰਾ ਨੂੰ ਪੁਲਸ ਨੇ ਫੜ ਲਿਆ।

By Gurpreet Singh

Leave a Reply

Your email address will not be published. Required fields are marked *