ਜੀ. ਐੱਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਨੂੰ ਮਿਲੀ ਵੱਡੀ ਸਫਲਤਾ, ਸਕ੍ਰੈਪ ਨਾਲ ਭਰੇ 109 ਟਰੱਕ ਕੀਤੇ ਜ਼ਬਤ

ਨੈਸ਼ਨਲ ਟਾਈਮਜ਼ ਬਿਊਰੋ :- ਜੀ. ਐੱਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਨੇ ਪਿਛਲੇ 2 ਦਿਨਾਂ ’ਚ ਇਕ ਵੱਡੀ ਕਾਰਵਾਈ ਕੀਤੀ ਅਤੇ ਸਕ੍ਰੈਪ ਨਾਲ ਭਰੇ 109 ਟਰੱਕ ਜ਼ਬਤ ਕੀਤੇ। ਇਹ ਕਾਰਵਾਈ ਰਾਜ ਜੀ. ਐੱਸ. ਟੀ. ਡਾਇਰੈਕਟਰ ਇਨਫੋਰਸਮੈਂਟ ਜਸਕਰਨ ਸਿੰਘ ਬਰਾੜ ਦੇ ਨਿਰਦੇਸ਼ਾਂ ’ਤੇ ਕੀਤੀ ਗਈ। ਜਾਣਕਾਰੀ ਅਨੁਸਾਰ, ਕਾਰਵਾਈ ਦੇ ਪਹਿਲੇ ਦਿਨ ਮੋਬਾਈਲ ਵਿੰਗ ਦੇ ਅਧਿਕਾਰੀਆਂ ਨੇ 19 ਟਰੱਕ ਜ਼ਬਤ ਕੀਤੇ, ਜਦੋਂਕਿ ਦੂਜੇ ਦਿਨ, ਅਧਿਕਾਰੀਆਂ ਨੇ 90 ਟਰੱਕ ਜ਼ਬਤ ਕੀਤੇ। ਅਧਿਕਾਰੀਆਂ ਨੇ ਮੰਡੀ ਗੋਬਿੰਦਗੜ੍ਹ, ਖੰਨਾ ਸਮੇਤ ਲੁਧਿਆਣਾ ਦੀਆਂ ਕਈ ਫਰਮਾਂ ਅੰਦਰੋਂ ਅਤੇ ਸੜਕਾਂ ਤੋਂ ਬਿਨਾਂ ਬਿੱਲਾਂ ਦੇ ਕਈ ਟਰੱਕ ਬਰਾਮਦ ਕੀਤੇ।

ਇਸ ਦੌਰਾਨ ਮੋਬਾਈਲ ਵਿੰਗ ਦੀਆਂ 7 ਟੀਮਾਂ ਸ਼ਾਮਲ ਰਹੀਆਂ, ਜਿਨ੍ਹਾਂ ’ਚ ਪਟਿਆਲਾ ਤੋਂ 2 ਟੀਮਾਂ, ਸ਼ੰਭੂ ਤੋਂ 2 ਟੀਮਾਂ, ਰੋਪੜ ਤੋਂ 2 ਟੀਮਾਂ ਅਤੇ ਜਲੰਧਰ ਤੋਂ 1 ਟੀਮ ਸ਼ਾਮਲ ਸੀ। ਇਸ ਦੌਰਾਨ ਜਸਕਰਨ ਸਿੰਘ ਬਰਾੜ ਖੁਦ ਮੌਕੇ ’ਤੇ ਮੌਜੂਦ ਸਨ ਅਤੇ ਅਧਿਕਾਰੀਆਂ ਦੀ ਅਗਵਾਈ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ। ਵਿਭਾਗੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਜ਼ਬਤ ਕੀਤੇ ਗਏ ਸਕ੍ਰੈਪ ਟਰੱਕ ਬਿਨਾਂ ਬਿੱਲਾਂ ਪਾਏ ਗਏ। ਜਾਣਕਾਰੀ ਅਨੁਸਾਰ ਉਕਤ ਫਰਮਾਂ ਦੇ ਡਾਟੇ ਦੀ ਵੀ ਜਾਂਚ ਕੀਤੀ ਜਾਵੇਗੀ। ਜ਼ਬਤ ਕੀਤੇ ਗਏ ਟਰੱਕਾਂ ਦੀ ਫਿਜ਼ੀਕਲ ਜਾਂਚ ਕੀਤੀ ਜਾਵੇਗੀ ਅਤੇ ਦਸਤਾਵੇਜ਼ਾਂ ਦੀ ਵੀ ਸਕ੍ਰੂਟਨੀ ਕੀਤੀ ਜਾਵੇਗੀ। ਜੇਕਰ ਇਸ ਜ਼ਬਤ ਕੀਤੇ ਟਰੱਕ ਦੇ ਸਹੀ ਦਸਤਾਵੇਜ਼ ਵਿਭਾਗ ਨੂੰ ਨਹੀਂ ਮਿਲਦੇ ਤਾਂ ਵਿਭਾਗ ਉਨ੍ਹਾਂ ਤੋਂ ਬਣਦਾ ਟੈਕਸ ਅਤੇ ਜੁਰਮਾਨਾ ਵਸੂਲੇਗਾ।

ਵਿਜੀਲੈਂਸ ਬਿਊਰੋ ਦੀ ਟੀਮ ਵੀ ਮੌਕੇ ’ਤੇ ਮੌਜੂਦ ਹੋਣ ਦੀ ਗੱਲ ਆਈ ਸਾਹਮਣੇ
ਜਾਣਕਾਰੀ ਅਨੁਸਾਰ ਇਸ ਕਾਰਵਾਈ ’ਚ ਮੋਬਾਈਲ ਵਿੰਗ ਅਧਿਕਾਰੀਆਂ ਨਾਲ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੀ ਟੀਮ ਵੀ ਸ਼ਾਮਲ ਸੀ, ਜਿਨ੍ਹਾਂ ਵਿੰਗ ਦੀ ਕਾਰਵਾਈ ਨੂੰ ਬਾਰੀਕੀ ਅਤੇ ਨੇੜਿਓਂ ਜਾਂਚ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਬਾਜ਼ਾਰ ’ਚ ਚਰਚਾ ਸੀ ਕਿ ਬਿਊਰੋ ਵੀ ਮੋਬਾਈਲ ਵਿੰਗ ਨਾਲ ਸੜਕਾਂ ’ਤੇ ਜਾ ਕੇ ਵਿੰਗ ਅਧਿਕਾਰੀਆਂ ਦੀ ਚੈਕਿੰਗ ’ਤੇ ਨਿਗਰਾਨੀ ਰੱਖੇਗਾ।

By Gurpreet Singh

Leave a Reply

Your email address will not be published. Required fields are marked *