ਗੁਰਪ੍ਰੀਤ ਸਿੰਘ :- ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਦਿਨ-ਦਿਹਾੜੇ ਹੋਏ ਕਤਲ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਪੰਜਾਬ ‘ਚ ਸਿਆਸਤਦਾਨ-ਪੁਲਸ-ਡਰੱਗ ਮਾਫੀਆ ਦੇ ਗਠਜੋੜ ਦੀ ਵੀ ਵਿਆਪਕ ਜਾਂਚ ਦੀ ਮੰਗ ਕੀਤੀ ਹੈ।
ਹਰਸਿਮਰਤ ਬਾਦਲ ਨੇ ਚਿੱਠੀ ‘ਚ ਲਿਖਿਆ ਹੈ ਕਿ ਪਰਵਿੰਦਰ ਸਿੰਘ ਝੋਟਾ ਨੇ ਘਰੋਂ ਨਿਕਲਣ ਤੋਂ ਪਹਿਲਾਂ ਮਾਨਸਾ ਦੇ DSP ਨੂੰ ਮੈਡੀਕਲ ਸਟੋਰ ‘ਤੇ ਨਸ਼ੇ ਵਿਕਣ ਦੀ ਸੂਚਨਾ ਦਿੱਤੀ ਸੀ ਅਤੇ ਮੌਕੇ ‘ਤੇ ਪਹੁੰਚਣ ਲਈ ਕਿਹਾ ਸੀ। ਪਰ ਪੁਲਸ ਮੌਕੇ ‘ਤੇ ਨਹੀਂ ਪਹੁੰਚੀ। ਇਸ ਤੋਂ ਬਾਅਦ ਝੋਟਾ ਨੇ ਖੁਦ ਹੀ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਵੱਲੋਂ ਨਸ਼ੀਲੀਆਂ ਦਵਾਈਆਂ ਵੇਚਣ ਦੀ ਲਾਈਵ ਸਟ੍ਰੀਮਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੈਮਿਸਟ ਅਸ਼ਵਨੀ ਨੇ ਕਿਸੇ ਨਾਲ ਫੋਨ ‘ਤੇ ਗੱਲ ਕਰਨ ਤੋਂ ਬਾਅਦ ਪਰਵਿੰਦਰ ਝੋਟੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਦੋ ਹੋਰਾਂ ਨੂੰ ਜ਼ਖਮੀ ਕਰ ਦਿੱਤਾ।
ਹਰਸਿਮਰਤ ਨੇ ਚਿੱਠੀ ‘ਚ ਮ੍ਰਿਤਕ ਦੇ ਪਿਤਾ ਭੀਮ ਸਿੰਘ ਦੇ ਬਿਆਨ ਦਾ ਹਵਾਲਾ ਵੀ ਦਿੱਤਾ ਹੈ। ਭੀਮ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ‘ਚ ਕਿਹਾ ਹੈ ਕਿ ਉਸ ਦਾ ਪੁੱਤਰ ਸਿਆਸਤਦਾਨ-ਪੁਲਸ-ਡਰੱਗ ਦੀ ਮਿਲੀਭੁਗਤ ਦਾ ਸ਼ਿਕਾਰ ਹੋਇਆ ਹੈ ਅਤੇ ਇਸ ਮਿਲੀਭੁਗਤ ਨੂੰ ਸਭ ਤੋਂ ਉੱਪਰੋਂ, ਮੁੱਖ ਮੰਤਰੀ ਭਗਵੰਤ ਮਾਨ ਤੱਕ ਦੀ ਸਰਪ੍ਰਸਤੀ ਹਾਸਲ ਹੈ। ਬਿਆਨ ਮੁਤਾਬਕ, ਜਦੋਂ ਪਰਵਿੰਦਰ ਨੇ ਮਾਨਸਾ ‘ਚ ਮੈਡੀਕਲ ਸਟੋਰਾਂ ‘ਤੇ ਹੋ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਤਾਂ ਉਸ ਨੂੰ ਹੀ ਝੂਠੇ ਕੇਸਾਂ ‘ਚ ਫਸਾ ਕੇ ਜੇਲ੍ਹ ਭੇਜ ਦਿੱਤਾ ਗਿਆ। ਭੀਮ ਸਿੰਘ ਨੇ ਇਸ ਲਈ ਸੂਬੇ ਦੇ ਡੀਜੀਪੀ ਅਤੇ ਮਾਨਸਾ ਦੇ ਐਸ.ਐਸ.ਪੀ. ਨੂੰ ਜ਼ਿੰਮੇਵਾਰ ਦੱਸਿਆ ਹੈ। ਇੰਨਾ ਹੀ ਨਹੀਂ, ਜਦੋਂ ਪਰਵਿੰਦਰ ਜੇਲ੍ਹ ‘ਚ ਸੀ ਤਾਂ ਮਾਨਸਾ ਐਸ.ਐਸ.ਪੀ. ਨੇ ਉਸ ਦੇ ਪਿਤਾ ਨੂੰ ਧਮਕੀ ਦਿੱਤੀ ਸੀ ਕਿ ਜੇ ਉਹ ਨਸ਼ੇ ਖਿਲਾਫ ਅਵਾਜ਼ ਚੁੱਕਣੀ ਬੰਦ ਨਾ ਕਰੇਗਾ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ।
ਭੀਮ ਸਿੰਘ ਨੇ ਆਪਣੇ ਬਿਆਨ ‘ਚ ਖੁਲਾਸਾ ਕੀਤਾ ਹੈ ਕਿ ਮਾਨਸਾ ਦਾ ਡੀਐਸਪੀ ਸੰਜੀਵ ਗੋਇਲ ਖੁਦ ਨਸ਼ੇ ਦਾ ਕਾਰੋਬਾਰ ਕਰਦੇ ਹਨ ਤੇ ਮਾਨਸਾ ਦਾ ਡਰੱਗ ਇੰਸਪੈਕਟਰ ਸ਼ੀਸ਼ਮ ਮਿੱਤਲ ਡਰੱਗ ਮਾਫੀਆ ਨਾਲ ਮਿਲਿਆ ਹੋਇਆ ਹੈ। ਉਨ੍ਹਾਂ ਨੇ ਤਤਕਾਲੀ ਡੀਐਸਪੀ ਸੰਜੀਵ ਗੋਇਲ ਅਤੇ ਤਤਕਾਲੀ ਐਸਐਸਪੀ ਨਾਨਕ ਸਿੰਘ ‘ਤੇ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਦੋਸ਼ ਲਾਏ ਹਨ, ਜਦਕਿ ਮੌਜੂਦਾ ਸਬ-ਡਵੀਜ਼ਨ ਡੀਐਸਪੀ ਹਰਜਿੰਦਰ ਸਿੰਘ ਗਿੱਲ ਅਤੇ ਐਸਐਚਓ ਬੇਅੰਤ ਕੌਰ ਨੂੰ ਆਪਣੇ ਪੁੱਤਰ ਦੇ ਕਤਲ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਦੱਸਿਆ ਹੈ।
ਪੀੜਤ ਪਿਤਾ ਨੇ ਖੁਲਾਸਾ ਕੀਤਾ ਹੈ ਕਿ ਝੋਟਾ ਅਕਸਰ ਕਿਹਾ ਕਰਦਾ ਸੀ ਕਿ ਉਹ ਇੱਕ ਫੌਜੀ ਦਾ ਪੁੱਤਰ ਹੈ ਅਤੇ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਆਪਣੀ ਜਾਨ ਕੁਰਬਾਨ ਕਰਨ ਵਾਸਤੇ ਤਿਆਰ ਹੈ। ਜਿਵੇਂ ਕਿ ਝੋਟਾ ਨੇ ਖੁਦ ਅੰਦਾਜ਼ਾ ਲਗਾਇਆ ਸੀ, ਉਸਦੀ ਆਵਾਜ਼ ਨੂੰ ਹਮੇਸ਼ਾ ਲਈ ਬੰਦ ਕਰਨ ਦੀ ਸਾਜ਼ਿਸ਼ ਤਹਿਤ ਉਸਦਾ ਕਤਲ ਕਰ ਦਿੱਤਾ ਗਿਆ। ਝੋਟਾ ਦੇ ਕਤਲ ਪਿੱਛੇ ਸ਼ਾਮਲ ਸਾਰੇ ਦੋਸ਼ੀਆਂ ਨੂੰ ਬੇਨਕਾਬ ਕਰਨ ਲਈ ਸੀ.ਬੀ.ਆਈ. (CBI) ਜਾਂਚ ਜ਼ਰੂਰੀ ਹੈ। ਇਸ ਜਾਂਚ ਵਿੱਚ ਨਾ ਸਿਰਫ਼ ਇਸ ਮਾਮਲੇ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਸਗੋਂ ਨਸ਼ਿਆਂ ਦੀ ਤਸਕਰੀ ਵਿੱਚ ਡਰੱਗ ਇੰਸਪੈਕਟਰਾਂ ਦੀ ਭੂਮਿਕਾ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ।
