ਨੈਸ਼ਨਲ ਟਾਈਮਜ਼ ਬਿਊਰੋ :- ਅੱਡਾ ਅੰਮੋਨੰਗਲ ਦੇ ਨਹਿਰ ਪੁੱਲ ਨਜ਼ਦੀਕ ਇੱਕ ਟਿੱਪਰ ਨੇ ਮੋਟਰਸਾਈਕਲ ਸਵਾਰ ਤਿੰਨ ਜਣਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਹਾਦਸੇ ‘ਚ ਮੋਟਰਸਾਈਕਲ ਦੇ ਪਿੱਛੇ ਬੈਠੀਆਂ ਦੋ ਔਰਤਾਂ ਨੂੰ ਟਿੱਪਰ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਨ੍ਹਾਂ ਦੀ ਮੌਕੇ’ ਤੇ ਹੀ ਮੌਤ ਹੋ ਗਈ ਹੈ। ਉਧਰ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਸ ਉਸ ਨੂੰ ਫੜਨ ਲਈ ਪਿੱਛਾ ਕਰ ਰਹੀ ਹੈ। ਜਾਣਕਾਰੀ ਅਨੁਸਾਰ ਲਖਵਿੰਦਰ ਕੌਰ ਪਤਨੀ ਮਨਜੀਤ ਸਿੰਘ ਵਾਸੀ ਕੋਟਲਾ ਬੱਜਾ ਸਿੰਘ ਆਪਣੇ ਪਿੰਡ ਦੀ ਹੀ ਇੱਕ ਹੋਰ ਔਰਤ ਕਰਮਜੀਤ ਕੌਰ ਪਤਨੀ ਅਮਰਜੀਤ ਸਿੰਘ ਨਾਲ ਆਪਣੇ ਪਤੀ ਮਨਜੀਤ ਸਿੰਘ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਮਿਹਨਤ ਮਜ਼ਦੂਰੀ ਲਈ ਮਹਿਤਾ ਚੌਂਕ ਵੱਲ ਜਾ ਰਹੀਆਂ ਸਨ।
ਜਦ ਉਹ ਅੰਮੋਨੰਗਲ ਦੇ ਨਹਿਰ ਪੁੱਲ ਦੇ ਨਜ਼ਦੀਕ ਪੁੱਜੀਆਂ ਤਾਂ ਪਿੱਛੋਂ ਬਟਾਲੇ ਵਾਲੇ ਪਾਸਿਓਂ ਆਏ ਇੱਕ ਟਿੱਪਰ ਨੇ ਉਨ੍ਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਜਿਸ ਨਾਲ ਲਖਵਿੰਦਰ ਕੌਰ ਅਤੇ ਕਰਮਜੀਤ ਕੌਰ ਟਿੱਪਰ ਦੇ ਟਾਇਰਾਂ ਹੇਠਾਂ ਆਉਣ ਕਾਰਨ ਬੁਰੀ ਤਰ੍ਹਾਂ ਕੁਚਲੀਆਂ ਗਈਆਂ, ਜਦਕਿ ਮਨਜੀਤ ਸਿੰਘ ਇੱਕ ਪਾਸੇ ਡਿੱਗ ਪਿਆ ਅਤੇ ਉਸ ਨੂੰ ਮਮੂਲੀ ਸੱਟਾਂ ਲੱਗੀਆਂ ਹਨ।
ਇਸ ਹਾਦਸੇ ਦੀ ਸੂਚਨਾ ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਦੇ ਦਿੱਤੀ ਗਈ। ਹਾਦਸਾ ਹੋਣ ਤੋਂ ਦੋ ਘੰਟੇ ਬਾਅਦ ਵੀ ਥਾਣਾ ਰੰਘੜ ਨੰਗਲ ਦੇ ਐੱਸ. ਐੱਚ. ਓ. ਮੌਕੇ ‘ਤੇ ਨਾ ਪਹੁੰਚੇ। ਜਿਸ ਕਾਰਨ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਚੀਮਾ ਅਤੇ ਪਿੰਡ ਵਾਸੀਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਰੋਸ ਜਾਹਿਰ ਕੀਤਾ। ਉਨ੍ਹਾਂ ਕਿਹਾ ਕਿ ਇਕ ਐੱਸ. ਐੱਚ. ਓ. ਦਾ ਫਰਜ਼ ਬਣਦਾ ਹੈ ਕਿ ਉਸ ਦੇ ਏਰੀਏ ਵਿੱਚ ਹਾਦਸਾ ਹੋਣ ‘ਤੇ ਤੁਰੰਤ ਉੱਥੇ ਪਹੁੰਚੇ ਪਰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਐੱਸ. ਐੱਚ. ਓ. ਦੇ ਘਟਨਾ ਸਥਾਨ ‘ਤੇ ਨਾ ਪਹੁੰਚਣ ਤੇ ਪਿੰਡ ਵਾਸੀਆਂ ਨੇ ਪੁਲਸ ਮੁਰਦਾਬਾਦ ਦੇ ਨਾਅਰੇ ਲਗਾਏ।
ਬਟਾਲਾ ਤੋਂ ਜਲੰਧਰ ਰੋਡ ਨੂੰ ਜਾਮ ਕਰ ਦਿੱਤਾ। ਵਧੇਰੇ ਗੱਲਬਾਤ ਕਰਦੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਜਿੰਨੀ ਦੇਰ ਤੱਕ ਟਿੱਪਰ ਅਤੇ ਉਸਦੇ ਡਰਾਈਵਰ ਨੂੰ ਗ੍ਰਿਫਤਾਰ ਨਾ ਕੀਤਾ ਗਿਆ। ਓਨੀ ਦੇਰ ਤੱਕ ਲਾਸ਼ਾਂ ਨੂੰ ਸੜਕ ਤੋਂ ਨਹੀਂ ਹਟਾਇਆ ਜਾਵੇਗਾ। ਇਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।
