ਤਰਨਤਾਰਨ ‘ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ, ਗੈਰ-ਸਰਕਾਰੀ ਦਫਤਰ ਰਹਿਣਗੇ ਬੰਦ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਉਪ ਚੋਣ ਮਿਤੀ 11 ਨਵੰਬਰ ਨੂੰ ਕਰਵਾਈ ਜਾਵੇਗੀ ਅਤੇ ਇਸ ਦਾ ਨਤੀਜਾ ਮਿਤੀ 14 ਨਵੰਬਰ ਨੂੰ ਐਲਾਨਿਆ ਜਾਵੇਗਾ। ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਉਪ ਚੋਣ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲਾ ਮਜਿਸਟ੍ਰੇਟ, ਤਰਨ ਤਾਰਨ, ਸ੍ਰੀ ਰਾਹੁਲ, ਆਈ.ਏ.ਐੱਸ. ਵੱਲੋਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25, ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135 ਬੀ, ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ 1958 (ਪੰਜਾਬ ਐਕਟ ਨੰਬਰ 15 ਆਫ 1958) ਅਤੇ ਦੀ ਫੈਕਟਰੀਜ਼ ਐਕਟ 1948 ਦੇ ਤਹਿਤ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੇ ਸਮੂਹ ਸਰਕਾਰੀ, ਗੈਰ-ਸਰਕਾਰੀ ਦਫਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ, ਦੁਕਾਨਾਂ ਆਦਿ ਵਿੱਚ ਮਿਤੀ 11 ਨਵੰਬਰ 2025 ਨੂੰ ਪੇਡ ਹੋਲੀਡੇ (ਕਮਾਈ ਛੁੱਟੀ) ਐਲਾਨੀ ਗਈ ਹੈ। ਵਿਧਾਨ ਸਭਾ ਹਲਕਾ 021-ਤਰਨ ਤਾਰਨ ਵਿੱਚ ਕਮਾਈ ਛੁੱਟੀ ਐਲਾਨ ਕਰਦਿਆਂ ਜ਼ਿਲਾ ਮੈਜਿਸਟ੍ਰੇਟ ਸ੍ਰੀ ਰਾਹੁਲ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਉੱਪਰ ਇਹ ਛੁੱਟੀ ਕਰਨ ਦਾ ਮੰਤਵ ਇਹ ਹੈ ਕਿ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੇ ਸਾਰੇ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ।

ਉਪ ਚੋਣ ਸੁਤੰਤਰ, ਨਿਰਪੱਖ, ਸ਼ਾਂਤੀਪੂਰਨ ਕਰਵਾਉਣ ਲਈ ਕੁਝ ਪਾਬੰਦੀਆਂ ਲਾਗੂ

ਜ਼ਿਲਾ ਮੈਜਿਸਟਰੇਟ ਸ਼੍ਰੀ ਰਾਹੁਲ, ਆਈ.ਏ.ਐੱਸ. ਵੱਲੋਂ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਉਪ ਚੋਣ ਦੇ ਮੱਦੇਨਜ਼ਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਮਨੀ ਚੋਣ ਦੇ ਸੁਤੰਤਰ, ਨਿਰਪੱਖ, ਸ਼ਾਂਤੀਪੂਰਨ ਕਰਵਾਉਣ ਅਤੇ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਅਤੇ ਨਿਰਧਾਰਤ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ 9 ਨਵੰਬਰ ਦੀ ਸ਼ਾਮ 6 ਵਜੇ ਤੋਂ 11 ਨਵੰਬਰ 2025 ਦੀ ਸ਼ਾਮ 6 ਤੱਕ ਵਿਧਾਨ ਸਭਾ ਹਲਕਾ 021-ਤਰਨ ਤਾਰਨ ਵਿਚ ਚੋਣ ਨਾਲ ਸਬੰਧਤ ਜਨਤਕ ਮੀਟਿੰਗ/ਪ੍ਰਦਰਸ਼ਨ ਆਯੋਜਿਤ ਕਰਨ ਜਾਂ ਉਸ ’ਚ ਸ਼ਾਮਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਲਾ ਮੈਜਿਸਟ੍ਰੇਟ ਸ਼੍ਰੀ ਰਾਹੁਲ ਨੇ ਵਿਧਾਨ ਸਭਾ ਹਲਕਾ 021-ਤਰਨ ਤਾਰਨ ਤੋਂ ਬਾਹਰ ਦੇ ਵੋਟਰਾਂ/ਵਿਅਕਤੀਆਂ ਦੀ ਮੌਜੂਦਗੀ/ਗਤੀਵਿਧੀਆਂ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਸਿਨੇਮਾਘਰ, ਟੈਲੀਵਿਜ਼ਨ ਜਾਂ ਅਜਿਹੇ ਹੋਰ ਉਪਕਰਣਾਂ ਜਾਂ ਸਾਧਨਾਂ ਦੇ ਜ਼ਰੀਏ ਕਿਸੇ ਵੀ ਚੋਣ ਮਾਮਲੇ/ਓਪੀਨੀਅਨ ਪੋਲ/ ਸਰਵੇਅ ਨੂੰ ਜਨਤਾ ਦੇ ਸਾਹਮਣੇ ਪ੍ਰਦਰਸ਼ਿਤ/ਪੇਸ਼ ਕਰਨ ਦੀ ਪਾਬੰਦੀ ਹੋਵੇਗੀ। ਜ਼ਿਲਾ ਮੈਜਿਸਟ੍ਰੇਟ ਨੇ ਆਪਣੇ ਪਾਬੰਦੀ ਦੇ ਹੁਕਮਾਂ ਵਿਚ ਕਿਹਾ ਹੈ ਕਿ ਅਜਿਹਾ ਚੋਣ ਮਾਮਲਾ ਜੋ ਚੋਣ ਦੇ ਨਤੀਜੇ ਨੂੰ ਪ੍ਰਭਾਵਿਤ ਕਰਨ ਜਾਂ ਪ੍ਰਭਾਵਿਤ ਕਰਨ ਲਈ ਨਿਸ਼ਚਿਤ ਢੰਗ ਨਾਲ ਕੀਤਾ ਗਿਆ ਹੋਵੇ, ’ਤੇ ਪਾਬੰਦੀ ਹੋਵੇਗੀ। ਪੋਲਿੰਗ ਸਟੇਸ਼ਨਾਂ/ਬੂਥਾਂ ਦੇ 100 ਮੀਟਰ ਦੇ ਘੇਰੇ ਵਿਚ 5 ਅਤੇ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਅਤੇ ਗਤੀਵਿਧੀਆਂ ’ਤੇ ਪਾਬੰਦੀ ਹੋਵੇਗੀ। ਚੋਣ ਨਾਲ ਸਬੰਧਿਤ ਲਾਊਡ ਸਪੀਕਰ ਦੀ ਵਰਤੋਂ ਉੱਪਰ ਵੀ ਪਾਬੰਦੀ ਹੋਵੇਗੀ।

By Gurpreet Singh

Leave a Reply

Your email address will not be published. Required fields are marked *