ਨੈਸ਼ਨਲ ਟਾਈਮਜ਼ ਬਿਊਰੋ :- ਟੋਰੌਂਟੋ ਵਿਚ ਬੇਘਰੀ ਦੀ ਸਮੱਸਿਆ ਕਾਫ਼ੀ ਗੰਭੀਰ ਹੁੰਦੀ ਨਜ਼ਰ ਆ ਰਹੀ ਹੈ। ਸਿਟੀ ਦੀ ਇੱਕ ਨਵੀਂ ਰਿਪੋਰਟ ਮੁਤਾਬਕ, ਪਿਛਲੇ 3 ਸਾਲਾਂ ਵਿਚ ਬੇਘਰੇ ਲੋਕਾਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੋ ਚੁੱਕੀ ਹੈ।
ਇਹ ਅੰਕੜੇ 2024 ਦੀ ਸਟ੍ਰੀਟ ਨੀਡਜ਼ ਅਸੈਸਮੈਂਟ
ਤੋਂ ਮਿਲੇ ਹਨ। ਇਹ ਸਰਵੇਖਣ ਅਕਤੂਬਰ ਵਿਚ ਕਰਵਾਇਆ ਗਿਆ ਸੀ। ਰਿਪੋਰਟ ਅਨੁਸਾਰ, 2024 ਵਿਚ ਟੋਰੌਂਟੋ ਵਿੱਚ ਲਗਭਗ 15,400 ਲੋਕ ਬੇਘਰੀ ਦਾ ਸਾਹਮਣਾ ਕਰਦੇ ਦਰਜ ਹੋਏ ਜਦ ਕਿ 2021 ਵਿੱਚ ਇਹ ਗਿਣਤੀ 7,300 ਦੇ ਕਰੀਬ ਸੀ।
ਸਿਟੀ ਅਧਿਕਾਰੀਆਂ ਨੇ ਇਸ ਵਾਧੇ ਦੇ ਪਿੱਛੇ ਕਈ ਵਜ੍ਹਾਂ ਦੱਸੀਆਂ ਹਨ, ਜਿਨ੍ਹਾਂ ਵਿਚ ਕਿਫ਼ਾਇਤੀ ਰਿਹਾਇਸ਼ ਦੀ ਭਾਰੀ ਕਮੀ, ਵਧ ਰਹੀਆਂ ਸਿਹਤ ਤੇ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ, ਆਮਦਨ ਸਹਾਇਤਾ ਦੀ ਘਾਟ ਅਤੇ ਨਸ਼ੇ ਦੀ ਸਮੱਸਿਆ ਸ਼ਾਮਲ ਹਨ।