ਖ਼ੌਫ਼ਨਾਕ ਵਾਰਦਾਤ: ਸ਼ੱਕੀ ਪਤੀ ਨੇ ਗੈਸ ਸਿਲੰਡਰ ਮਾਰ ਕਰਤਾ ਪਤਨੀ ਦਾ ਕਤਲ

ਗੁਰਪ੍ਰੀਤ ਸਿੰਘ :- ਰਾਜਧਾਨੀ ਦਿੱਲੀ ਦੇ ਪੁਲ ਪ੍ਰਹਿਲਾਦਪੁਰ ਇਲਾਕੇ ਤੋਂ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਘਰੇਲੂ ਕਲੇਸ਼ ਦੇ ਚਲਦਿਆਂ ਆਪਣੀ ਪਤਨੀ ਦੇ ਸਿਰ ‘ਚ ਛੋਟਾ ਰਸੋਈ ਗੈਸ ਸਿਲੰਡਰ ਮਾਰ ਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਪੁਲਸ ਨੇ ਮੁਲਜ਼ਮ ਪਤੀ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ।

ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਪੂਨਮ ਵਜੋਂ ਹੋਈ ਹੈ। ਪੂਨਮ ਅਤੇ ਉਸ ਦਾ ਪਤੀ ਸੁਰੇਸ਼ ਕਰੀਬ ਇੱਕ ਮਹੀਨਾ ਪਹਿਲਾਂ ਹੀ ਇੱਥੋਂ ਦੇ ਡੀ.ਡੀ.ਏ. ਹਾਊਸਿੰਗ ਕੰਪਲੈਕਸ ਵਿੱਚ ਰਹਿਣ ਆਏ ਸਨ। ਬੀਤੀ 29 ਮਾਰਚ ਦੀ ਰਾਤ ਕਰੀਬ 9:30 ਵਜੇ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਗੁੱਸੇ ਵਿੱਚ ਆ ਕੇ ਸੁਰੇਸ਼ ਨੇ ਘਰ ਵਿੱਚ ਪਏ ਐਲ.ਪੀ.ਜੀ. ਸਿਲੰਡਰ ਨਾਲ ਪੂਨਮ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੌਰਾਨ ਚੀਕਾਂ ਦੀ ਆਵਾਜ਼ ਸੁਣ ਕੇ ਜਦੋਂ ਗੁਆਂਢੀ ਮੌਕੇ ‘ਤੇ ਪਹੁੰਚੇ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। 

ਮਕਾਨ ਮਾਲਕ ਦੀ ਮਦਦ ਨਾਲ ਦਰਵਾਜ਼ਾ ਤੋੜ ਕੇ ਜਦੋਂ ਲੋਕ ਅੰਦਰ ਦਾਖ਼ਲ ਹੋਏ ਤਾਂ ਉੱਥੋਂ ਦਾ ਨਜ਼ਾਰਾ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਪੂਨਮ ਦੀ ਲਾਸ਼ ਫਰਸ਼ ‘ਤੇ ਖੂਨ ਨਾਲ ਲੱਥਪੱਥ ਪਈ ਸੀ ਅਤੇ ਕੋਲ ਹੀ ਖੂਨ ਨਾਲ ਭਰਿਆ ਸਿਲੰਡਰ ਪਿਆ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਮੁਲਜ਼ਮ ਪਤੀ ਆਪਣੇ 18 ਮਹੀਨਿਆਂ ਦੇ ਮਾਸੂਮ ਬੱਚੇ ਨੂੰ ਗੋਦੀ ਵਿੱਚ ਲੈ ਕੇ ਲਾਸ਼ ਦੇ ਕੋਲ ਹੀ ਬੈਠਾ ਸੀ। ਇਸ ਮਾਮਲੇ ਦੇ ਸਬੰਧ ਵਿਚ ਗੁਆਂਢੀਆਂ ਨੇ ਕਿਹਾ, “ਅਸੀਂ ਜਦੋਂ ਅੰਦਰ ਗਏ ਤਾਂ ਸਭ ਕੁਝ ਖ਼ਤਮ ਹੋ ਚੁੱਕਾ ਸੀ। ਮਾਸੂਮ ਬੱਚਾ ਆਪਣੀ ਮਾਂ ਦੀ ਲਾਸ਼ ਕੋਲ ਆਪਣੇ ਪਿਤਾ ਦੀ ਗੋਦ ਵਿੱਚ ਸੀ, ਜਿਸ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਸੀ ਕਿ ਉਸ ਦਾ ਪਿਤਾ ਹੀ ਉਸ ਦੀ ਮਾਂ ਦਾ ਕਾਤਲ ਹੈ।”

ਕਤਲ ਪਿੱਛੇ ‘ਸ਼ੱਕ’ ਵੱਡੀ ਵਜ੍ਹਾ
ਪੁਲਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁਰੇਸ਼ ਆਪਣੀ ਪਤਨੀ ‘ਤੇ ਬਹੁਤ ਜ਼ਿਆਦਾ ਸ਼ੱਕ ਕਰਦਾ ਸੀ, ਜਿਸ ਕਾਰਨ ਅਕਸਰ ਉਨ੍ਹਾਂ ਵਿਚਾਲੇ ਲੜਾਈ ਹੁੰਦੀ ਰਹਿੰਦੀ ਸੀ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਕਤਲ ਪਹਿਲਾਂ ਤੋਂ ਮਿੱਥੀ ਗਈ ਸਾਜ਼ਿਸ਼ ਸੀ ਜਾਂ ਮੌਕੇ ‘ਤੇ ਹੋਏ ਗੁੱਸੇ ਦਾ ਨਤੀਜਾ। ਘਟਨਾ ਸਥਾਨ ‘ਤੇ ਪਹੁੰਚੀ ਪੁਲਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮੁਲਜ਼ਮ ਸੁਰੇਸ਼ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

By Gurpreet Singh

Leave a Reply

Your email address will not be published. Required fields are marked *