ਰਾਜੀਵ ਸ਼ਰਮਾ :- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਕਈ ਅਪਰਾਧਿਕ ਮਾਮਲਿਆਂ ਵਿਚ ਭਾਰਤ ਨੂੰ ਲੋੜੀਂਦੇ ਗੈਂਗਸਟਰ ਗੋਲਡੀ ਬਰਾੜ ਦੀ ਭਾਲ ਲਈ ਕੈਨੇਡਾ ਨੇ ਵੱਡਾ ਕਦਮ ਚੁੱਕਿਆ ਹੈ। ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੇ ਗੋਲਡੀ ਬਰਾੜ ਬਾਰੇ ਅਜਿਹੀ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 2.5 ਲੱਖ ਕੈਨੇਡੀਅਨ ਡਾਲਰ (ਕਰੀਬ 1.62 ਕਰੋੜ ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਹੈ, ਜਿਸ ਨਾਲ ਉਸ ਨੂੰ ਗ੍ਰਿਫ਼ਤਾਰ ਕਰਨ ਵਿਚ ਮਦਦ ਮਿਲ ਸਕੇ। ਇਸ ਐਲਾਨ ਤੋਂ ਬਾਅਦ ਉਹ ਕੈਨੇਡਾ ਦੇ ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿਚ ਪਹਿਲੇ ਸਥਾਨ ’ਤੇ ਆ ਗਿਆ ਹੈ।
ਇਹ ਐਲਾਨ ਕੈਨੇਡਾ ਦੇ BOLO ਪ੍ਰੋਗਰਾਮ ਵੱਲੋਂ ਵੀਰਵਾਰ ਨੂੰ ਕੀਤਾ ਗਿਆ। ਇਹ ਪ੍ਰੋਗਰਾਮ ਪੁਲਸ ਨਾਲ ਮਿਲ ਕੇ ਫਰਾਰ ਅਪਰਾਧੀਆਂ ਨੂੰ ਲੱਭਣ ਲਈ ਕੰਮ ਕਰਦਾ ਹੈ। ਇਸ ਤਹਿਤ ਲੋਕਾਂ ਨੂੰ ਗੋਲਡੀ ਬਰਾੜ ਬਾਰੇ ਭਰੋਸੇਯੋਗ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਗਈ ਹੈ। ਇਨਾਮ ਦੀ ਇਹ ਪੇਸ਼ਕਸ਼ 2 ਨਵੰਬਰ 2027 ਤੱਕ ਲਾਗੂ ਰਹੇਗੀ।
ਗੋਲਡੀ ਬਰਾੜ ਦਾ ਅਸਲ ਨਾਂ ਸਤਿੰਦਰਜੀਤ ਸਿੰਘ ਹੈ। ਕੈਨੇਡਾ ਦੀ ਵਿਨੀਪੈਗ ਪੁਲਸ ਨੂੰ 39 ਸਾਲਾ ਸੁੱਖਦੂਲ ਸਿੰਘ ਗਿੱਲ ਦੇ ਕਤਲ ਮਾਮਲੇ ਵਿਚ ਉਸ ਦੀ ਭਾਲ ਹੈ। ਸੁੱਖਦੂਲ ਦੀ 20 ਸਤੰਬਰ 2023 ਨੂੰ ਹੈਜ਼ਲਟਨ ਡਰਾਈਵ ਦੇ 200 ਬਲਾਕ ਵਿਚ ਇਕ ਘਰ ਅੰਦਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ 23 ਫਰਵਰੀ 2026 ਨੂੰ ਗੋਲਡੀ ਬਰਾੜ ਅਤੇ ਕਰਨਬੀਰ ਸਿੰਘ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਦੋਵਾਂ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹਨ।
ਗੋਲਡੀ ਬਰਾੜ ਦੀ ਭਾਲ ਅਮਰੀਕਾ ਵਿਚ ਵੀ ਜਾਰੀ ਹੈ। ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. ਨੇ ਵੀ ਉਸ ਨੂੰ ਆਪਣੀ 10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੋਇਆ ਹੈ। ਏਜੰਸੀ ਵੱਲੋਂ ਉਸ ਦੀ ਗ੍ਰਿਫ਼ਤਾਰੀ ਵਿਚ ਮਦਦਗਾਰ ਜਾਣਕਾਰੀ ਦੇਣ ਵਾਲੇ ਲਈ 10 ਲੱਖ ਅਮਰੀਕੀ ਡਾਲਰ (ਕਰੀਬ 9.32 ਕਰੋੜ ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਤਰ੍ਹਾਂ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਕੈਨੇਡਾ ਅਤੇ ਅਮਰੀਕਾ ਦੋਵੇਂ ਦੇਸ਼ਾਂ ਦੀਆਂ ਏਜੰਸੀਆਂ ਵੱਲੋਂ ਇਨਾਮ ਰੱਖੇ ਗਏ ਹਨ।
