ਪੈਨਸ਼ਨ ਧਾਰਕਾਂ ਲਈ ਆਈ ਅਹਿਮ ਖ਼ਬਰ!

ਨੈਸ਼ਨਲ ਟਾਈਮਜ਼ ਬਿਊਰੋ :- ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਲੁਧਿਆਣਾ ਖੇਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਅਪੀਲ ਕੀਤੀ, ਜਿਸ ‘ਚ ਕਿਹਾ ਗਿਆ ਹੈ ਕਿ ਪੈਨਸ਼ਨਰਾਂ ਲਈ ਸਾਲਾਨਾ ਆਪਣੇ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਜੀਵਨ ਸਰਟੀਫਿਕੇਟ ਜਮ੍ਹਾਂ ਨਾ ਕਰਵਾਉਣ ਨਾਲ ਪੈਨਸ਼ਨਰ ਦੀ ਪੈਨਸ਼ਨ ਆਪਣੇ ਆਪ ਬੰਦ ਹੋ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪੈਨਸ਼ਨਰ ਦੀ ਮੌਤ ਤੋਂ ਬਾਅਦ ਵੀ ਪਰਿਵਾਰਕ ਮੈਂਬਰ ਅਕਸਰ ਸਬੰਧਿਤ ਈ. ਪੀ. ਐੱਫ. ਓ. ਦਫ਼ਤਰ ਨੂੰ ਸਮੇਂ ਸਿਰ ਸੂਚਿਤ ਕਰਨ ’ਚ ਅਸਫ਼ਲ ਰਹਿੰਦੇ ਹਨ, ਜਿਸ ਕਾਰਨ ਵਿਧਵਾਵਾਂ ਨੂੰ ਪੈਨਸ਼ਨ ਪ੍ਰਾਪਤ ਕਰਨ ‘ਚ ਮੁਸ਼ਕਲਾਂ ਅਤੇ ਦੇਰੀ ਹੁੰਦੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਪੈਨਸ਼ਨਰ ਹੁਣ ਆਪਣੇ ਮੋਬਾਇਲ ਫੋਨਾਂ ’ਤੇ ਆਧਾਰ ਚਿਹਰੇ ਦੀ ਪਛਾਣ ਤਕਨਾਲੋਜੀ ਦੀ ਵਰਤੋਂ ਕਰ ਕੇ ਆਪਣੇ ਘਰਾਂ ਤੋਂ ਡਿਜੀਟਲ ਰੂਪ ’ਚ ਆਪਣੇ ਜੀਵਨ ਸਰਟੀਫਿਕੇਟ ਅਪਲੋਡ ਕਰ ਸਕਦੇ ਹਨ। ਇਸ ਲਈ ਪੈਨਸ਼ਨਰ ਗੂਗਲ ਪਲੇ ਸਟੋਰ ਤੋਂ ਆਧਾਰ ਫੇਸ ਆਰ. ਡੀ. ਐਪ ਅਤੇ ਜੀਵਨ ਪ੍ਰਮਾਣ ਫੇਸ ਐਪਲੀਕੇਸ਼ਨ Jeevan Pramaan.gov.in ਤੋਂ ਡਾਊਨਲੋਡ ਕਰ ਸਕਦੇ ਹਨ।

ਜੀਵਨ ਸਰਟੀਫਿਕੇਟ ਹੁਣ ਸਾਲ ਦੇ ਕਿਸੇ ਵੀ ਸਮੇਂ ਜਮ੍ਹਾਂ ਕਰਵਾਏ ਜਾ ਸਕਦੇ ਹਨ ਅਤੇ ਜਮ੍ਹਾਂ ਕਰਵਾਉਣ ਤੋਂ ਬਾਅਦ ਇਕ ਸਾਲ ਲਈ ਵੈਧ ਹਨ। ਅਧਿਕਾਰੀਆਂ ਨੇ ਉਨ੍ਹਾਂ ਸਾਰੇ ਪੈਨਸ਼ਨਰਾਂ ਨੂੰ ਅਪੀਲ ਕੀਤੀ, ਜਿਨ੍ਹਾਂ ਨੇ ਅਜੇ ਤੱਕ ਆਪਣੇ ਜੀਵਨ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਹਨ, ਤੁਰੰਤ ਅਜਿਹਾ ਕਰਨ। ਪੈਨਸ਼ਨਰ ਦੇ ਪਰਿਵਾਰ ਨੂੰ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਪੈਨਸ਼ਨਰ ਦੀ ਮੌਤ ਹੋ ਗਈ ਹੈ ਤਾਂ ਉਹ ਤੁਰੰਤ ਸਬੰਧਿਤ ਈ. ਪੀ. ਐੱਫ. ਓ. ਦਫ਼ਤਰ ਨੂੰ ਸੂਚਿਤ ਕਰਨ।

By Gurpreet Singh

Leave a Reply

Your email address will not be published. Required fields are marked *