ਅੰਮ੍ਰਿਤਸਰ ‘ਚ ਹੁਣ ਨਿੱਜੀ ਗੱਡੀਆਂ ਤੇ ਨਹੀਂ ਵੱਜਣਗੇ ਹੂਟਰ, ਫਲੈਸ਼ਰ ਲਾਈਟਾਂ ਦੀ ਵਰਤੋਂ ਤੇ ਵੀ ਰੋਕ

ਗੁਰਪ੍ਰੀਤ ਸਿੰਘ :- ਅੰਮ੍ਰਿਤਸਰ ਵਿੱਚ ਨਿੱਜੀ ਵਾਹਨਾਂ ’ਤੇ ਐਮਰਜੈਂਸੀ ਸੇਵਾਵਾਂ ਵਾਂਗ ਦਿਖਣ ਵਾਲੀਆਂ ਲਾਈਟਾਂ ਅਤੇ ਸਾਇਰਨ ਲਗਾਉਣ ਦਾ ਰੁਝਾਨ ਰੋਕਣ ਲਈ ਪੁਲਸ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਿਆ ਹੈ। ਨਵੇਂ ਹੁਕਮਾਂ ਤਹਿਤ ਹੁਣ ਕੋਈ ਵੀ ਵਿਅਕਤੀ ਆਪਣੀ ਨਿੱਜੀ ਗੱਡੀ ’ਤੇ ਲਾਲ, ਨੀਲੀ ਜਾਂ ਕਈ ਰੰਗਾਂ ਵਾਲੀਆਂ ਫਲੈਸ਼ਰ ਲਾਈਟਾਂ ਨਹੀਂ ਲਗਾ ਸਕੇਗਾ। ਇਸ ਦੇ ਨਾਲ ਹੀ ਸਟ੍ਰੋਬ ਲਾਈਟਾਂ, ਹੂਟਰ ਅਤੇ ਸਾਇਰਨ ਦੀ ਵਰਤੋਂ ਵੀ ਪਾਬੰਦੀ ਦੇ ਘੇਰੇ ਵਿੱਚ ਲਿਆਂਦੀ ਗਈ ਹੈ।

ਡਿਪਟੀ ਕਮਿਸ਼ਨਰ ਆਫ਼ ਪੁਲਸ-ਕਮ-ਕਾਰਜਕਾਰੀ ਮੈਜਿਸਟ੍ਰੇਟ ਰਵਿੰਦਰਪਾਲ ਸਿੰਘ ਸੰਧੂ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਇਹ ਹੁਕਮ ਜਾਰੀ ਕੀਤੇ ਹਨ। ਇਹ ਨਿਯਮ ਪੁਲਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਅਧਿਕਾਰ ਖੇਤਰ ਵਿੱਚ ਲਾਗੂ ਹੋਣਗੇ। ਪ੍ਰਸ਼ਾਸਨ ਅਨੁਸਾਰ ਸ਼ਹਿਰ ਵਿੱਚ ਕਈ ਨਿੱਜੀ ਅਤੇ ਗੈਰ-ਅਧਿਕਾਰਤ ਵਾਹਨਾਂ ’ਤੇ ਅਜਿਹੇ ਉਪਕਰਨਾਂ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸ ਕਾਰਨ ਆਮ ਲੋਕਾਂ ਵਿੱਚ ਭੁਲੇਖਾ ਪੈਦਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਪੁਲਸ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਨਿੱਜੀ ਵਾਹਨਾਂ ’ਤੇ ਐਮਰਜੈਂਸੀ ਲਾਈਟਾਂ ਅਤੇ ਹੂਟਰਾਂ ਦੀ ਵਰਤੋਂ ਨਾਲ ਲੋਕ ਅਜਿਹੇ ਵਾਹਨਾਂ ਨੂੰ ਸਰਕਾਰੀ ਜਾਂ ਐਮਰਜੈਂਸੀ ਸੇਵਾਵਾਂ ਨਾਲ ਸਬੰਧਤ ਸਮਝ ਸਕਦੇ ਹਨ। ਇਸ ਨਾਲ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ ਲੋਕਾਂ ਦੀ ਸੁਰੱਖਿਆ ਲਈ ਵੀ ਮੁਸ਼ਕਲ ਪੈਦਾ ਹੋ ਸਕਦੀ ਹੈ। ਇਸੇ ਕਰਕੇ ਬਾਜ਼ਾਰ ਤੋਂ ਲਗਵਾਈਆਂ ਜਾਣ ਵਾਲੀਆਂ ਤੇਜ਼ ਰੌਸ਼ਨੀ ਵਾਲੀਆਂ ਫਲੈਸ਼ਿੰਗ ਐਲਈਡੀ ਬਾਰਾਂ ਨੂੰ ਵੀ ਪਾਬੰਦੀ ਦੇ ਘੇਰੇ ਵਿੱਚ ਰੱਖਿਆ ਗਿਆ ਹੈ।

ਇਹ ਪਾਬੰਦੀ ਸਿਰਫ਼ ਨਿੱਜੀ ਵਾਹਨਾਂ ਤੱਕ ਸੀਮਤ ਨਹੀਂ ਹੈ, ਸਗੋਂ ਨਿਯਮਤ ਸਰਕਾਰੀ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਦੇ ਵਾਹਨ ਵੀ ਬਿਨਾਂ ਅਧਿਕਾਰ ਇਨ੍ਹਾਂ ਵਿਸ਼ੇਸ਼ ਲਾਈਟਾਂ ਅਤੇ ਹੂਟਰਾਂ ਦੀ ਵਰਤੋਂ ਨਹੀਂ ਕਰ ਸਕਣਗੇ। ਹਾਲਾਂਕਿ ਪੁਲਸ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਵਰਗੀਆਂ ਅਧਿਕਾਰਤ ਐਮਰਜੈਂਸੀ ਸੇਵਾਵਾਂ ਦੇ ਵਾਹਨਾਂ ਨੂੰ ਇਸ ਹੁਕਮ ਤੋਂ ਛੋਟ ਦਿੱਤੀ ਗਈ ਹੈ। ਸਰਕਾਰੀ ਡਿਊਟੀ ਦੌਰਾਨ ਉੱਚ ਅਧਿਕਾਰੀਆਂ ਅਤੇ ਵੀਆਈਪੀਜ਼ ਨੂੰ ਲਿਜਾਣ ਲਈ ਨਿਰਧਾਰਤ ਵਾਹਨ ਵੀ ਇਸ ਪਾਬੰਦੀ ਤੋਂ ਬਾਹਰ ਰਹਿਣਗੇ। ਜਾਰੀ ਹੁਕਮ 15 ਫਰਵਰੀ 2027 ਤੱਕ ਲਾਗੂ ਰਹਿਣਗੇ ਅਤੇ ਇਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *