ਜਲੰਧਰ ‘ਚ ਗੁਰਦਆਰੇ ਦੇ ਸਾਹਮਣੇ ਗੁੰਡਾਗਰਦੀ ਦਾ ਨੰਗਾ ਨਾਚ, ਚੱਲੇ ਤੇਜ਼ਧਾਰ ਹਥਿਆਰ

ਜਲੰਧਰ -ਸੈਂਟਰਲ ਟਾਊਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੋਈ ਮਾਮੂਲੀ ਟੱਕਰ ਦਾ ਵਿਰੋਧ ਕਰਨ ’ਤੇ ਸਾਮਾਨ ਖ਼ਰੀਦਣ ਆਏ ਦੋ ਦੋਸਤਾਂ ’ਤੇ ਅੱਧੀ ਦਰਜਨ ਨਸ਼ੇੜੀ ਕਿਸਮ ਦੇ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਪਾਸ਼ ਇਲਾਕੇ ਵਿਚ ਹੋਏ ਇਸ ਹਮਲੇ ਦੌਰਾਨ ਜਦੋਂ ਆਲੇ-ਦੁਆਲੇ ਭੀੜ ਇਕੱਠੀ ਹੋਈ ਤਾਂ ਹਮਲਾਵਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਅਤੇ ਲੋਹੇ ਦੀਆਂ ਰਾਡਾਂ ਵਿਖਾ ਕੇ ਲੋਕਾਂ ਨੂੰ ਵੀ ਧਮਕਾਇਆ। ਇਸ ਵਾਰਦਾਤ ਦੌਰਾਨ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਜਾਣਕਾਰੀ ਦਿੰਦੇ ਬਲਦੇਵ ਨਗਰ ਦੇ ਵਸਨੀਕ ਮੋਹਿਤ ਨੇ ਦੱਸਿਆ ਕਿ ਉਹ ਆਪਣੇ ਦੋਸਤ ਦਿਨੇਸ਼ ਨਾਲ ਸੈਂਟਰਲ ਟਾਊਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਪ੍ਰੋਟੀਨ ਸਲਾਦ ਲੈਣ ਆਇਆ ਸੀ। ਉਨ੍ਹਾਂ ਆਪਣੀ ਐਕਟਿਵਾ ਖੜ੍ਹੀ ਕੀਤੀ ਅਤੇ ਸਾਮਾਨ ਲੈਣ ਲੱਗੇ ਪਰ ਇਸੇ ਦੌਰਾਨ ਉੱਥੋਂ ਲੰਘ ਰਹੇ ਕੁਝ ਨੌਜਵਾਨਾਂ ਦੇ ਮੋਟਰਸਾਈਕਲ ਨੇ ਉਨ੍ਹਾਂ ਦੀ ਐਕਟਿਵਾ ਵਿਚ ਟੱਕਰ ਮਾਰ ਦਿੱਤੀ, ਜਿਨ੍ਹਾਂ ਨੂੰ ਆਵਾਜ਼ ਮਾਰੀ ਤਾਂ ਇਸੇ ਦੌਰਾਨ 3 ਮੋਟਰਸਾਈਕਲ ਸਵਾਰ 6 ਨੌਜਵਾਨਾਂ ਨੇ ਲੋਹੇ ਦੀਆਂ ਰਾਡਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ।

PunjabKesari

ਇਕ ਨੌਜਵਾਨ ਆਪਣੀ ਜਾਨ ਬਚਾਉਣ ਲਈ ਪਕੌੜਿਆਂ ਦੀ ਦੁਕਾਨ ਵਿਚ ਵੜ ਗਿਆ, ਜਿਸ ਨੂੰ ਬਾਹਰ ਕੱਢ ਕੇ ਦੋਬਾਰਾ ਕੁੱਟਿਆ ਗਿਆ। ਉਹ ਤਾਂ ਭੱਜ ਗਿਆ ਪਰ ਉਸ ਦਾ ਦੂਜਾ ਦੋਸਤ ਹਮਲਾਵਰ ਨੌਜਵਾਨਾਂ ਦੇ ਚੁੰਗਲ ਵਿਚ ਫਸ ਗਿਆ। ਮੁਲਜ਼ਮਾਂ ਨੇ ਉਸ ’ਤੇ ਕਈ ਵਾਰ ਤੇਜ਼ਧਾਰ ਹਥਿਆਰ ਅਤੇ ਲੋਹੇ ਦੀਆਂ ਰਾਡਾਂ ਨਾਲ ਕੀਤੇ। ਕੁਝ ਹਮਲਾਵਰ ਨੌਜਵਾਨਾਂ ਨੇ ਫਰੂਟ ਦੀ ਰੇਹੜੀ ਤੋਂ ਫਲ ਚੁੱਕ ਕੇ ਖਿਲਾਰ ਦਿੱਤੇ। ਕੁਝ ਲੋਕਾਂ ਨੇ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਮੁਲਜ਼ਮਾਂ ਨੇ ਉਨ੍ਹਾਂ ਨੂੰ ਤੇਜ਼ਧਾਰ ਹਥਿਆਰ ਵਿਖਾ ਕੇ ਧਮਕੀਆਂ ਦਿੱਤੀਆਂ ਅਤੇ ਨੌਜਵਾਨਾਂ ਦੀ ਐਕਟਿਵਾ ਦੀ ਭੰਨ-ਤੋੜ ਕਰ ਕੇ ਫਰਾਰ ਹੋ ਗਏ।

PunjabKesari

ਲੋਕਾਂ ਨੇ ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾ ਕੇ ਥਾਣਾ ਨੰ. 3 ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਕੁਝ ਹੀ ਸਮੇਂ ਵਿਚ ਉੱਥੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਥਾਣਾ ਨੰ. 3 ਦੇ ਇੰਚਾਰਜ ਰਜਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਪੀੜਤ ਨੌਜਵਾਨਾਂ ਦੇ ਬਿਆਨ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਜੇਕਰ ਘਟਨਾ ਸਥਾਨ ’ਤੇ ਮੌਜੂਦ ਲੋਕਾਂ ਦੀ ਮੰਨੀਏ ਤਾਂ ਹਮਲਾਵਰ ਨਸ਼ੇ ਵਿਚ ਸਨ, ਜਿਨ੍ਹਾਂ ਵਿਚੋਂ ਇਕ ਨਿਗਮ ਦੀ ਕਿਸੇ ਯੂਨੀਅਨ ਦੇ ਪ੍ਰਧਾਨ ਦਾ ਪੁੱਤਰ ਦੱਸਿਆ ਜਾ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *