ਜਲੰਧਰ -ਸੰਤ ਭਗਤ ਕਬੀਰ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਜਲੰਧਰ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਧਾਰਮਿਕ ਭਾਵਨਾਵਾਂ ਦੀ ਮਰਿਆਦਾ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ੇਸ਼ ਅਹਿਤਿਆਤ ਵਜੋਂ 10 ਅਤੇ 11 ਜੂਨ ਨੂੰ ਮੀਟ, ਆਂਡੇ ਅਤੇ ਸ਼ਰਾਬ ਦੀ ਵਿਕਰੀ ’ਤੇ ਰੋਕ ਰਹੇਗੀ। 10 ਅਤੇ 11 ਜੂਨ ਨੂੰ ਇਹ ਦੁਕਾਨਾਂ ਬੰਦ ਰਹਿਣਗੀਆਂ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਬਰਾੜ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਪਾਬੰਦੀ 10 ਜੂਨ ਨੂੰ ਸੰਤ ਕਬੀਰ ਜੀ ਮੰਦਿਰ ਨੇੜੇ ਅਤੇ ਸ਼ੋਭਾ ਯਾਤਰਾ ਦੇ ਸ਼ੁਰੂਆਤੀ ਰਸਤੇ ’ਤੇ ਅਤੇ 11 ਜੂਨ ਨੂੰ ਸ਼ੋਭਾ ਯਾਤਰਾ ਦੇ ਪੂਰੇ ਰਸਤੇ ਅਤੇ ਮੰਦਿਰ ਦੇ ਆਲੇ-ਦੁਆਲੇ ਦੇ ਖੇਤਰ ਵਿਚ ਲਾਗੂ ਰਹੇਗੀ। ਏ. ਡੀ. ਐੱਮ. ਨੇ ਕਿਹਾ ਕਿ ਇਹ ਫ਼ੈਸਲਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਾਰਤੀ ਸਿਵਲ ਕੋਡ 2023 ਦੀ ਧਾਰਾ 163, ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਤੇ ਪੰਜਾਬ ਲਾਇਸੈਂਸਿੰਗ ਨਿਯਮ 1956 ਦੇ ਨਿਯਮ 9 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਲਿਆ ਗਿਆ ਹੈ।