ਗੁਰਪ੍ਰੀਤ ਸਿੰਘ :- ਸਰਬ ਧਰਮ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੁਪਹਿਰ 12 ਵਜੇ ਤੋਂ ਚੰਨੋ ਟੋਲ ਪਲਾਜ਼ਾ ਉੱਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਟੋਲ ਪਲਾਜ਼ਾ ‘ਤੇ ਵਾਹਨਾਂ ਨੂੰ ਮੁਫ਼ਤ ਲੰਘਾਇਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਕਿਸਾਨ ਯੂਨੀਅਨ ਦੇ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਸਰਬ ਧਰਮ ਗ੍ਰੰਥਾਂ ਦੀ ਸਮੇਂ-ਸਮੇਂ ‘ਤੇ ਬੇਅਦਬੀ ਦੇ ਮਾਮਲੇ ਸਾਹਮਣੇ ਆਉਂਦੇ ਹਨ, ਪਰ ਫੜੇ ਗਏ ਦੋਸ਼ੀਆਂ ਨੂੰ ਅਕਸਰ ਮੰਦਬੁੱਧੀ ਜਾਂ ਪਾਗਲ ਕਰਾਰ ਦੇ ਕੇ ਕਾਰਵਾਈ ਤੋਂ ਬਚਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ਨੂੰ ਦੇਖਦੇ ਹੋਏ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਨੇ ਦੱਸਿਆ ਕਿ ਸਮਾਣੇ ਵਿੱਚ ਗੁਰਜੀਤ ਸਿੰਘ ਕਾਲਸਾ ਪਿਛਲੇ ਲਗਭਗ 16 ਮਹੀਨਿਆਂ ਤੋਂ ਕਰੀਬ 400 ਫੁੱਟ ਉੱਚੇ ਟਾਵਰ ‘ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਸਰਬ ਧਰਮ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਵਿਸ਼ੇਸ਼ ਕਾਨੂੰਨ ਬਣਾਇਆ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਭਰ ਵਿੱਚ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ ਅਤੇ ਜਦ ਤੱਕ ਸਰਕਾਰ ਇਸ ਮਾਮਲੇ ‘ਤੇ ਢੁਕਵਾਂ ਕਦਮ ਨਹੀਂ ਚੁੱਕਦੀ, ਸੰਘਰਸ਼ ਜਾਰੀ ਰਹੇਗਾ।
ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਕਿਸਾਨਾਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਸਮਾਣੇ ਵਿੱਚ ਚੱਲ ਰਹੇ ਧਰਨੇ ਨੂੰ ਖਤਮ ਕਰਨ ਲਈ ਕੋਈ ਢੁਕਵਾਂ ਹੱਲ ਨਹੀਂ ਕੱਢਿਆ ਗਿਆ। ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਕਾਨੂੰਨ ਬਣਾਕੇ ਮਸਲੇ ਦਾ ਹੱਲ ਕਰੇ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਹੇ ਪ੍ਰਦਰਸ਼ਨਾਂ ਦਾ ਆਦਰ ਕਰੇ।
ਧਰਨੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਬਲ ਵੀ ਮੌਕੇ ‘ਤੇ ਤਾਇਨਾਤ ਕੀਤਾ ਗਿਆ। ਮਾਹੌਲ ਫਿਲਹਾਲ ਸ਼ਾਂਤਮਈ ਦਿਖਾਈ ਦੇ ਰਿਹਾ ਹੈ ਪਰ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਮੰਗਾਂ ਨਾ ਮੰਨਣ ‘ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
