ਭਾਰਤ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਪੁੱਜਾ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਨੇ ਯੂ ਏ ਈ (ਸੰਯੁਕਤ ਅਰਬ ਅਮੀਰਾਤ) ’ਤੇ ਜਿੱਤ ਦਰਜ ਕਰਦਿਆਂ ਸੁਹਾਂਡੀਨਾਟਾ ਕੱਪ ਲਈ ਬੀ ਡਬਲਿਊ ਐੱਫ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਨੈਸ਼ਨਲ ਸੈਂਟਰ ਆਫ ਐਕਸੀਲੈਂਸ ਵਿੱਚ ਹੋਰ ਮੁਕਾਬਲਿਆਂ ਦੌਰਾਨ ਆਪੋ-ਆਪਣੇ ਗਰੁੱਪਾਂ ਵਿੱਚ ਅਮਰੀਕਾ ਨੇ ਫਰਾਂਸ ਨੂੰ ਜਦਕਿ ਜਪਾਨ ਨੇ ਆਪਣੇ ਤੋਂ ਉੱਚ ਦਰਜਾਬੰਦੀ ਵਾਲੇ ਥਾਈਲੈਂਡ ਨੂੰ ਹਰਾ ਕੇ ਉਲਟਫੇਰ ਕੀਤੇ। 

ਗਰੁੱਪ-ਐੱਚ ਵਿੱਚ ਭਾਰਤ ਨੇ ਯੂ ਏ ਈ ਨੂੰ 45-37 45-34 ਨਾਲ, ਗਰੁੱਪ-ਏ ਵਿੱਚ ਜਪਾਨ ਨੇ ਥਾਈਲੈਂਡ ਨੂੰ 45-42 45-34 ਨਾਲ ਜਦਕਿ ਗਰੁੱਪ-ਬੀ ਵਿੱਚ ਅਮਰੀਕਾ ਨੇ ਫਰਾਂਸ ਨੂੰ 45-43 45-43 ਨਾਲ ਹਰਾ ਕੇ ਆਖਰੀ ਅੱਠਾਂ ’ਚ ਜਗ੍ਹਾ ਬਣਾਈ। ਅੱਠ ਗਰੁੱਪਾਂ ਵਿਚੋਂ ਸਿਖਰ ’ਤੇ ਰਹਿਣ ਵਾਲੀਆਂ ਟੀਮਾਂ ਇਸ ਵੱਕਾਰੀ ਟਰਾਫੀ ਦੇ ਕੁਆਰਟਰ ਫਾਈਨਲ ’ਚ ਭਿੜਨਗੀਆਂ। ਗਰੁੱਪ-ਡੀ ਵਿੱਚੋਂ ਚੀਨ ਤੇ ਗਰੁੱਪ-ਐੱਫ ਵਿਚੋਂ ਇੰਡੋਨੇਸ਼ੀਆ ਸਿਖਰ ’ਤੇ ਹਨ।

ਭਾਰਤ ਨੇ ਆਪਣੇ ਗਰੁੱਪ ਮੁਕਾਬਲਿਆਂ ’ਚ ਪਹਿਲਾਂ ਨੇਪਾਲ ਤੇ ਫਿਰ ਸ੍ਰੀਲੰਕਾ ਨੂੰ ਹਰਾਇਆ ਸੀ। ਭਾਰਤੀ ਖਿਡਾਰਨ ਤਨਵੀ ਸ਼ਰਮਾ ਨੇ ਯੂ ਏ ਈ ਦੀ ਪ੍ਰਾਕ੍ਰਿਤੀ ਭਰਤ ਨੂੰ ਹਰਾ ਕੇ ਸਕੋਰ 9-5 ਕੀਤਾ। ਇਸ ਮਗਰੋਂ ਮਿਕਸਡ ਡਬਲਜ਼ ’ਚ ਸੀ ਲਲਰਾਮਸਾਂਗਾ ਤੇ ਵਿਸ਼ਾਖਾ ਟੋਪੋ ਦੀ ਜੋੜੀ ਨੇ ਆਦਿੱਤਿਆ ਕਿਰਨ ਤੇ ਸਾਕਸ਼ੀ ਕੁਰਬਖੇਲਗੀ ਖ਼ਿਲਾਫ਼ ਸਕੋਰ 18-10 ਕਰ ਦਿੱਤਾ। ਯੂ ਏ ਏ ਲੜਕਿਆਂ ਦੇ ਸਿੰਗਲਜ਼ ਤੇ ਡਬਲਜ਼ ਵਿੱਚ ਵਾਪਸੀ ਕੀਤੀ ਜਿੱਥੇ ਭਰਤ ਲਾਤੀਸ਼ ਨੇ ਐੱਚ ਲਾਲਥਾਜੂਆਲਾ ਖ਼ਿਲਾਫ਼ 9 ਅੰਕ ਬਣਾਏ ਤੇ ਫਿਰ ਰਿਆਨ ਮੱਲ੍ਹਣ ਨਾਲ ਮਿਲ ਕੇ ਭਾਗਵ ਰਾਮ ਅਰੀਗੇਲਾ ਤੇ ਵਿਸਵ ਤੇਜ ਗੋਬੁਰੂ ਖ਼ਿਲਾਫ਼ 10 ਅੰਕ ਬਣਾਏ। ਦੂਜੇ ਸੈੱਟ ’ਚ ਉੱਨਤੀ ਹੁੱਡਾ ਨੇ ਪ੍ਰਾਕ੍ਰਿਤੀ ਨੂੰ 9-6 ਨਾਲ ਹਰਾ ਦਿੱਤਾ ਜਿਸ ਮਗਰੋਂ ਭਾਰਤੀ ਟੀਮ ਨੇ ਪਿੱਛੇ ਮੁੜ ਕੇ ਨਾ ਦੇਖਿਆ।

By Gurpreet Singh

Leave a Reply

Your email address will not be published. Required fields are marked *