ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ ਭਾਰਤ ਖਰੀਦੇਗਾ 26 ਰਾਫੇਲ ਲੜਾਕੂ ਜਹਾਜ਼

ਨੈਸ਼ਨਲ ਟਾਈਮਜ਼ ਬਿਊਰੋ :- ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਤਣਾਅ ਸਾਫ਼ ਦਿਖਾਈ ਦੇ ਰਿਹਾ ਹੈ। ਦੋਵਾਂ ਦੇਸ਼ਾਂ ਵਿਚਕਾਰ ਜੰਗ ਵਰਗੀ ਸਥਿਤੀ ਬਣਦੀ ਜਾ ਰਹੀ ਹੈ। ਇਸ ਸਭ ਦੇ ਵਿਚਕਾਰ ਸੋਮਵਾਰ ਨੂੰ ਭਾਰਤ ਅਤੇ ਫਰਾਂਸ ਵਿਚਕਾਰ 63887 ਕਰੋੜ ਰੁਪਏ ਦੇ ਇੱਕ ਮੈਗਾ ਸਮਝੌਤੇ ‘ਤੇ ਦਸਤਖਤ ਹੋਣ ਜਾ ਰਹੇ ਹਨ। ਦੋਵੇਂ ਦੇਸ਼ ਇਸ ਸਮਝੌਤੇ ਨੂੰ ਪ੍ਰਵਾਨਗੀ ਦੇਣ ਜਾ ਰਹੇ ਹਨ। ਇਸ ਸੌਦੇ ਦੇ ਤਹਿਤ ਭਾਰਤ ਸਿੱਧੇ ਤੌਰ ‘ਤੇ ਫਰਾਂਸ ਤੋਂ 26 ਰਾਫੇਲ-ਮਰੀਨ ਲੜਾਕੂ ਜਹਾਜ਼ ਪ੍ਰਾਪਤ ਕਰੇਗਾ। ਇਨ੍ਹਾਂ ਨੂੰ ਸਵਦੇਸ਼ੀ ਜਹਾਜ਼ ਵਾਹਕ INS ਵਿਕਰਾਂਤ ‘ਤੇ ਤਾਇਨਾਤ ਕੀਤਾ ਜਾਵੇਗਾ।

ਫਰਾਂਸ ਦੇ ਰੱਖਿਆ ਮੰਤਰੀ ਸੇਬੇਸਟੀਅਨ ਲੇਕੋਰਨੂ ਦੀ ਭਾਰਤ ਫੇਰੀ ਦੀ ਯੋਜਨਾ ਰੱਦ ਹੋਣ ਕਾਰਨ ਹੁਣ ਇਸ ਸਮਝੌਤੇ ‘ਤੇ ਭਾਰਤ ਅਤੇ ਫਰਾਂਸ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਨਵੀਂ ਦਿੱਲੀ ਵਿੱਚ ਦਸਤਖਤ ਕੀਤੇ ਜਾਣਗੇ। ਇਸ ਸਮਝੌਤੇ ਦੌਰਾਨ ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀ ਵਰਚੁਅਲੀ ਸ਼ਾਮਲ ਹੋਣਗੇ। ਇਸ ਸੌਦੇ ਵਿੱਚ 22 ਸਿੰਗਲ-ਸੀਟ ਰਾਫੇਲ-ਐਮ ਅਤੇ 4 ਟਵਿਨ-ਸੀਟ ਟ੍ਰੇਨਰ ਜੈੱਟ, ਕੁਝ ਹਥਿਆਰ, ਸਿਮੂਲੇਟਰ, ਚਾਲਕ ਦਲ ਦੀ ਸਿਖਲਾਈ, ਰੱਖ-ਰਖਾਅ ਅਤੇ ਸੰਚਾਲਨ (ਐਮਆਰਓ) ਦੇ ਨਾਲ-ਨਾਲ ਪੰਜ ਸਾਲਾਂ ਦੀ ਲੌਜਿਸਟਿਕ ਸਹਾਇਤਾ ਸ਼ਾਮਲ ਹੈ।

ਇਸ ਸੌਦੇ ਵਿੱਚ ਪਹਿਲਾਂ ਤੋਂ ਭਾਰਤੀ ਹਵਾਈ ਸੈਨਾ ‘ਚ ਸ਼ਾਮਿਲ 36 ਰਾਫੇਲ ਜੈੱਟਾਂ ਦੇ ਕੁਝ ਸਪੇਅਰ ਪਾਰਟਸ ਅਤੇ ਉਪਕਰਣ ਵੀ ਸ਼ਾਮਲ ਕੀਤੇ ਗਏ ਹਨ ,ਜਿਨ੍ਹਾਂ ਨੂੰ ਭਾਰਤ ਨੇ ਸਤੰਬਰ 2016 ਵਿੱਚ 59,000 ਕਰੋੜ ਰੁਪਏ ਦੀ ਲਾਗਤ ਨਾਲ ਖਰੀਦਿਆ ਸੀ। ਇਹ ਸੌਦਾ ਭਾਰਤੀ ਜਲ ਸੈਨਾ ਦੀਆਂ ਰਣਨੀਤਕ ਸਮਰੱਥਾਵਾਂ ਨੂੰ ਮਹੱਤਵਪੂਰਨ ਢੰਗ ਨਾਲ ਵਧਾਏਗਾ ਅਤੇ ਸਵੈ-ਨਿਰਭਰ ਭਾਰਤ ਦੀ ਰੱਖਿਆ ਨੀਤੀ ਨੂੰ ਹੋਰ ਮਜ਼ਬੂਤ ​​ਕਰੇਗਾ।

By Gurpreet Singh

Leave a Reply

Your email address will not be published. Required fields are marked *