ਹੈਦਰਾਬਾਦ : ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (RGIA) ਨੂੰ ਸ਼ਨੀਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਈਮੇਲ ਮਿਲਿਆ, ਜਿਸ ਤੋਂ ਬਾਅਦ ਹਵਾਈ ਅੱਡਾ ਪ੍ਰਸ਼ਾਸਨ ਨੇ ਇੰਡੀਗੋ ਦੀ ਇੱਕ ਉਡਾਣ ਨੂੰ ਨੇੜਲੇ ਹਵਾਈ ਅੱਡੇ ਵੱਲ ਮੋੜ ਦਿੱਤਾ। ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 1 ਨਵੰਬਰ, 2025 ਨੂੰ ਸਵੇਰੇ 5:35 ਵਜੇ ਦੇ ਕਰੀਬ ਏਅਰਪੋਰਟ ਆਪ੍ਰੇਸ਼ਨ ਸੈਂਟਰ (APOC) ਨੂੰ ਇੱਕ ਈਮੇਲ ਮਿਲੀ, ਜੋ “Papaita Rajan” ਨਾਮ ਦੇ ਇਕ ਵਿਅਕਤੀ ਦੀ ਆਈਡੀ ਤੋਂ RGIA ਦੇ ਕਸਟਮਰ ਸਪੋਰਟ ਮੇਲ ਤੋਂ ਆਈ ਸੀ।
ਬੰਬ ਦੀ ਧਮਕੀ ਵਾਲੀ ਈਮੇਲ ਦਾ ਵਿਸ਼ਾ ਸੀ, “Prevent landing of IndiGo 68 to Hyderabad” ਯਾਨੀ “ਇੰਡੀਗੋ 68 ਫਲਾਇਟ ਨੂੰ ਹੈਦਰਾਬਾਦ ਲੈਂਡਿੰਗ ਤੋਂ ਰੋਕੋ।” ਈਮੇਲ ਵਿੱਚ ਕਿਹਾ ਗਿਆ ਸੀ ਕਿ LTTE ਅਤੇ ISI ਅੱਤਵਾਦੀ ਜਹਾਜ਼ ਵਿੱਚ ਸਵਾਰ ਸਨ ਅਤੇ 1984 ਦੇ ਮਦਰਾਸ ਹਵਾਈ ਅੱਡੇ ‘ਤੇ ਹੋਏ ਬੰਬ ਧਮਾਕੇ ਵਰਗੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਈਮੇਲ ਦੇ ਅਨੁਸਾਰ ਜਹਾਜ਼ ਦੇ ਬਾਲਣ ਟੈਂਕ ਅਤੇ ਬਾਡੀ ਵਿੱਚ ਮਾਈਕ੍ਰੋਬੋਟ ਲਗਾਏ ਗਏ ਹਨ, ਜੋ ਕਿ IED (ਬੰਬ) ਅਤੇ ਜ਼ਹਿਰੀਲੀ ਗੈਸ ਨਾਲ ਭਰੇ ਹੋਏ ਹਨ।
ਇਸ ਦੇ ਨਾਲ ਹੀ ਈਮੇਲ ਵਿੱਚ ਇਹ ਵੀ ਕਿਹਾ ਗਿਆ ਸੀ ਕਿ “ਫ੍ਰੈਂਕਫਰਟ ਆਪ੍ਰੇਸ਼ਨ ਇਕ ਟੈਸਟ ਸੀ ਤਾਂਕਿ ਉਪਾਵਾਂ ਦਾ ਅਧਿਐਨ ਕੀਤਾ ਜਾ ਸਕੇ। ਕਿਰਪਾ ਕਰਕੇ ਹੇਠਾਂ ਦਿੱਤਾ ਦਸਤਾਵੇਜ਼ ਪੜ੍ਹੋ; ਇਸ ਵਿਚ ਬੰਬ ਦੀ ਸਥਿਤੀ ਲੁਕਵੇਂ ਸੁਨੇਹਿਆਂ ਵਿੱਚ ਹੈ।” ਇਸ ਤੋਂ ਬਾਅਦ ਬੰਬ ਧਮਕੀ ਮੁਲਾਂਕਣ ਕਮੇਟੀ (BTAC) ਨੇ ਸਵੇਰੇ 5:39 ਵਜੇ ਤੋਂ 6:22 ਵਜੇ ਤੱਕ ਇੱਕ ਵਰਚੁਅਲ ਮੀਟਿੰਗ ਕੀਤੀ। ਕਮੇਟੀ ਨੇ ਇਸਨੂੰ ਇੱਕ “ਖਾਸ ਖ਼ਤਰਾ” ਮੰਨਿਆ।
