ਹੈਲੀਪੈਡ ਦੀ ਬਜਾਏ ਕਾਰ ਪਾਰਕਿੰਗ ‘ਚ ਉਤਰਿਆ ਮੰਤਰੀ ਭੁਜਬਲ ਦਾ ਹੈਲੀਕਾਪਟਰ, ਦ੍ਰਿਸ਼ ਦੇਖ ਸੁੱਕੇ ਲੋਕਾਂ ਦੇ ਸਾਹ

ਪੁਣੇ(ਰਾਜੀਵ ਸ਼ਰਮਾ) : ਮਹਾਰਾਸ਼ਟਰ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਆਗੂ ਛਗਨ ਭੁਜਬਲ ਉਸ ਸਮੇਂ ਚਰਚਾ ਵਿੱਚ ਆ ਗਏ, ਜਦੋਂ ਉਨ੍ਹਾਂ ਦਾ ਹੈਲੀਕਾਪਟਰ ਸ਼ਨੀਵਾਰ ਨੂੰ ਨਿਰਧਾਰਿਤ ਹੈਲੀਪੈਡ ਦੀ ਬਜਾਏ ਇੱਕ ਪਾਰਕਿੰਗ ਵਾਲੀ ਥਾਂ ‘ਤੇ ਉਤਰ ਗਿਆ। ਇਹ ਘਟਨਾ ਪੁਣੇ ਜ਼ਿਲ੍ਹੇ ਦੇ ਪੁਰੰਦਰ ਤਾਲੁਕਾ ਦੇ ਖਾਨਵਾੜੀ ਪਿੰਡ ਵਿੱਚ ਵਾਪਰੀ ਹੈ, ਜਿਥੇ ਉਨ੍ਹਾਂ ਦਾ ਹੈਲੀਕਾਪਟਰ ਨਿਰਧਾਰਤ ਹੈਲੀਪੈਡ ਤੋਂ ਲਗਭਗ 1,300 ਮੀਟਰ ਦੂਰ ਇੱਕ ਪਾਰਕਿੰਗ ਸਥਾਨ ‘ਤੇ ਉਤਰਿਆ।

ਕਿਵੇਂ ਹੋਈ ਪਾਇਲਟ ਤੋਂ ਚੂਕ?
ਛਗਨ ਭੁਜਬਲ ਮਹਾਤਮਾ ਫੂਲੇ ਦੀ ਜਯੰਤੀ ਮੌਕੇ ਇੱਕ ਮਾਡਲ ਸਕੂਲ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਪੁਲਸ ਅਨੁਸਾਰ ਹੈਲੀਕਾਪਟਰ ਦੀ ਲੈਂਡਿੰਗ ਲਈ ਇੱਕ ਖਾਸ ਹੈਲੀਪੈਡ ਤਿਆਰ ਕੀਤਾ ਗਿਆ ਸੀ। ਇਸ ਦੌਰਾਨ ਲੈਡਿੰਗ ਕਰਦੇ ਸਮੇਂ ਪਾਇਲਟ ਨੂੰ ਕੁਝ ਭੁਲੇਖਾ ਲੱਗ ਗਿਆ ਅਤੇ ਉਸ ਨੂੰ ਹੈਲੀਪੈਡ ਦਿਖਾਈ ਨਹੀਂ ਦਿੱਤਾ। ਕਾਰ ਪਾਰਕਿੰਗ ਖੇਤਰ ਵਿੱਚ ਖਾਲੀ ਜਗ੍ਹਾ ਦੇਖ ਕੇ ਪਾਇਲਟ ਨੇ ਹੈਲੀਕਾਪਟਰ ਨੂੰ ਉੱਥੇ ਹੀ ਉਤਾਰ ਦਿੱਤਾ, ਜੋ ਕਿ ਅਸਲ ਹੈਲੀਪੈਡ ਤੋਂ ਲਗਭਗ 1,300 ਮੀਟਰ ਦੂਰ ਸੀ। ਮੰਤਰੀ ਛਗਨ ਭੁਜਬਲ ਨੇ ਇਸ ਘਟਨਾ ਨੂੰ ਬਹੁਤਾ ਤੂਲ ਨਾ ਦਿੰਦੇ ਹੋਏ ਕਿਹਾ ਕਿ ਇਹ ਇੱਕ “ਸਹਿਜ ਲੈਂਡਿੰਗ” ਸੀ ਅਤੇ ਕਿਸੇ ਤਰ੍ਹਾਂ ਦੇ ਹਾਦਸੇ ਦਾ ਕੋਈ ਖਤਰਾ ਨਹੀਂ ਸੀ। 

ਦੂਜੇ ਪਾਸੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਹੈ ਕਿ ਇਸ ਪੂਰੇ ਘਟਨਾਕ੍ਰਮ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾਵੇਗੀ। ਐਨਸੀਪੀ (ਸ਼ਰਦ ਪਵਾਰ ਧੜੇ) ਦੇ ਵਿਧਾਇਕ ਰੋਹਿਤ ਪਵਾਰ ਨੇ ਇਸ ਨੂੰ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਦੱਸਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਕਿਹਾ, “ਕਿਸੇ ਸੀਨੀਅਰ ਆਗੂ ਦੇ ਹੈਲੀਕਾਪਟਰ ਦਾ ਪਾਰਕਿੰਗ ਖੇਤਰ ਵਿੱਚ ਉਤਰਨਾ ਚਿੰਤਾ ਦਾ ਵਿਸ਼ਾ ਹੈ। ਕਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਵਿੱਚ ਰੱਖ-ਰਖਾਅ ਦੀ ਘਾਟ ਹੈ। ਅੱਜ ਖੁਸ਼ਕਿਸਮਤੀ ਨਾਲ ਹਾਦਸਾ ਟਲ ਗਿਆ, ਪਰ ਅਜਿਹੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ।”

By Rajeev Sharma

Leave a Reply

Your email address will not be published. Required fields are marked *