ਦੁਨੀਆ ਭਰ ਦੀਆਂ ਨਜ਼ਰਾਂ ਜਿਸ ਗੱਲਬਾਤ ‘ਤੇ ਟਿਕੀਆਂ ਹੋਈਆਂ ਸਨ, ਉਹ 21 ਘੰਟਿਆਂ ਤੱਕ ਚਰਚਾ ਮਗਰੋਂ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ ਹੈ। ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਇਰਾਨੀ ਵਫ਼ਦ ਵਿਚਾਲੇ ਇਸਲਾਮਾਬਾਦ ਵਿੱਚ ਹੋਈ ਜੰਗਬੰਦੀ ਦੀ ਗੱਲਬਾਤ ਨਾਕਾਮ ਰਹੀ ਹੈ। ਅਮਰੀਕਾ ਵੱਲੋਂ ਰੱਖੀਆਂ ਸਖ਼ਤ ਪ੍ਰਮੁੱਖ ਸ਼ਰਤਾਂ ਅਤੇ ਇਰਾਨ ਦੇ ਆਪਣੇ ਸਟੈਂਡ ‘ਤੇ ਅੜੇ ਰਹਿਣ ਕਾਰਨ ਦੋਵਾਂ ਧਿਰਾਂ ਵਿਚਾਲੇ ਤਣਾਅ ਹੋਰ ਵਧ ਗਿਆ ਹੈ।
ਜੇ.ਡੀ. ਵੈਂਸ ਨੇ ਸਾਫ਼ ਸ਼ਬਦਾਂ ਵਿੱਚ ਮੰਗ ਕੀਤੀ ਕਿ ਇਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਬੰਦ ਕਰੇ, ਜਿਸ ਨੂੰ ਇਰਾਨ ਨੇ ਆਪਣੀ ਪ੍ਰਭੂਸੱਤਾ ‘ਤੇ ਹਮਲਾ ਦੱਸਦਿਆਂ ਰੱਦ ਕਰ ਦਿੱਤਾ। ਇਸ ਤੋਂ ਇਲਾਵਾ ਅਮਰੀਕਾ ਚਾਹੁੰਦਾ ਸੀ ਕਿ ਇਰਾਨ ਬਿਨਾਂ ਕਿਸੇ ਸ਼ਰਤ ਦੇ ਇਸ ਹੋਰਮੁਜ਼ ਨੂੰ ਖੋਲ੍ਹੇ, ਜਦਕਿ ਇਰਾਨ ਪਹਿਲਾਂ ਆਪਣੇ ਫਸੇ ਹੋਏ ਫੰਡਾਂ ਦੀ ਰਿਹਾਈ ‘ਤੇ ਅੜਿਆ ਰਿਹਾ। ਇਰਾਨੀ ਸਪੀਕਰ ਕਾਲੀਬਾਫ ਨੇ ਦੋਸ਼ ਲਾਇਆ ਕਿ ਅਮਰੀਕਾ ਸਿਰਫ਼ ਸਮਾਂ ਬਰਬਾਦ ਕਰ ਰਿਹਾ ਹੈ ਅਤੇ ਉਸ ਦੇ ਇਰਾਦੇ ਨੇਕ ਨਹੀਂ ਹਨ।
ਹੁਣ ਅੱਗੇ ਕੀ ਹੋਵੇਗਾ ?
ਗੱਲਬਾਤ ਨਾਕਾਮ ਹੋਣ ਦਾ ਮਤਲਬ ਹੈ ਕਿ ਅਸਥਾਈ ਜੰਗਬੰਦੀ ਕਿਸੇ ਵੀ ਸਮੇਂ ਖ਼ਤਮ ਹੋ ਸਕਦੀ ਹੈ। ਅਮਰੀਕੀ ਜੰਗੀ ਜਹਾਜ਼ ਜੋ ਖਾੜੀ ਖੇਤਰ ਵਿੱਚ ਤਾਇਨਾਤ ਹਨ, ਮੁੜ ਹਮਲਾ ਕਰ ਸਕਦੇ ਹਨ, ਜਿਸ ਨਾਲ ਪੱਛਮੀ ਏਸ਼ੀਆ ਵਿੱਚ ਭਿਆਨਕ ਜੰਗ ਮੁੜ ਸ਼ੁਰੂ ਹੋਣ ਦਾ ਡਰ ਹੈ। ਇਸ ਤੋਂ ਇਲਾਵਾ ਹੋਰਮੁਜ਼ ਦੇ ਮੁੜ ਬੰਦ ਹੋਣ ਦੇ ਖ਼ਤਰੇ ਕਾਰਨ ਗਲੋਬਲ ਬਾਜ਼ਾਰ ਵਿੱਚ ਕੱਚੇ ਤੇਲ ਅਤੇ ਐੱਲ.ਪੀ.ਜੀ. ਦੀਆਂ ਕੀਮਤਾਂ ਅਸਮਾਨ ਨੂੰ ਛੂਹ ਸਕਦੀਆਂ ਹਨ। ਭਾਰਤ ਵਰਗੇ ਦੇਸ਼ਾਂ ਲਈ ਇਹ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਉਨ੍ਹਾਂ ਦੀ ਊਰਜਾ ਸਪਲਾਈ ਇਸੇ ਰਸਤੇ ‘ਤੇ ਨਿਰਭਰ ਹੈ।
ਅਮਰੀਕਾ ਹੁਣ ਇਰਾਨ ‘ਤੇ ਹੋਰ ਵੀ ਸਖ਼ਤ ਆਰਥਿਕ ਪਾਬੰਦੀਆਂ ਲਗਾ ਸਕਦਾ ਹੈ ਤਾਂ ਜੋ ਉਸ ਨੂੰ ਗੋਡਿਆਂ ਭਾਰ ਲਿਆਂਦਾ ਜਾ ਸਕੇ। ਇਸ ਨਾਲ ਇਰਾਨ ਦੀ ਅਰਥਵਿਵਸਥਾ ਨੂੰ ਹੋਰ ਹੇਠਾਂ ਵੱਲ ਧੱਕਿਆ ਜਾ ਸਕਦਾ ਹੈ। ਇਰਾਨ ਦੇ ਨਵੇਂ ਸਰਵਉੱਚ ਨੇਤਾ ਮੁਜਤਬਾ ਖਾਮੇਨੇਈ ਲਈ ਇਹ ਇੱਕ ਵੱਡੀ ਪ੍ਰੀਖਿਆ ਹੋਵੇਗੀ। ਕੀ ਉਹ ਜੰਗ ਦਾ ਰਸਤਾ ਚੁਣਨਗੇ ਜਾਂ ਕਿਸੇ ਤੀਜੇ ਦੇਸ਼ (ਜਿਵੇਂ ਚੀਨ ਜਾਂ ਰੂਸ) ਰਾਹੀਂ ਮੁੜ ਡਿਪਲੋਮੈਟਿਕ ਰਾਹ ਲੱਭਣਗੇ, ਇਹ ਦੇਖਣਾ ਅਹਿਮ ਹੋਵੇਗਾ।
ਜ਼ਿਕਰਯੋਗ ਹੈ ਕਿ ਇਸਲਾਮਾਬਾਦ ਵਿੱਚ ਗੱਲਬਾਤ ਦਾ ਫੇਲ੍ਹ ਹੋਣਾ ਵਿਸ਼ਵ ਸ਼ਾਂਤੀ ਲਈ ਇੱਕ ਵੱਡਾ ਝਟਕਾ ਹੈ। ਜੇਕਰ ਆਉਣ ਵਾਲੇ ਕੁਝ ਦਿਨਾਂ ਵਿੱਚ ਗੱਲਬਾਤ ਦਾ ਕੋਈ ਦੂਜਾ ਚੈਨਲ ਸ਼ੁਰੂ ਨਹੀਂ ਹੁੰਦਾ, ਤਾਂ ਦੁਨੀਆ ਇੱਕ ਹੋਰ ਵੱਡੀ ਜੰਗ ਦੇ ਮੁਹਾਨੇ ‘ਤੇ ਖੜ੍ਹੀ ਹੋਵੇਗੀ, ਜਿਸ ਨਾਲ ਵੱਡੇ ਪੱਧਰ ‘ਤੇ ਜਾਨੀ-ਮਾਲੀ ਨੁਕਸਾਨ ਹੋਣ ਦਾ ਖ਼ਤਰਾ ਪੈਦਾ ਹੋ ਜਾਵੇਗਾ।
