ਚੰਡੀਗੜ੍ਹ: ਭਾਰਤੀ ਕ੍ਰਿਕਟ ਟੀਮ ਅਤੇ ਮੁੰਬਈ ਇੰਡੀਅਨਜ਼ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਲੰਬੇ ਸਮੇਂ ਬਾਅਦ ਮੈਦਾਨ ‘ਤੇ ਵਾਪਸੀ ਦੀ ਤਿਆਰੀ ਕਰ ਰਹੇ ਹਨ। ਬੁਮਰਾਹ, ਜੋ ਪਿੱਠ ਦੇ ਦਰਦ ਕਾਰਨ ਲਗਭਗ ਤਿੰਨ ਮਹੀਨਿਆਂ ਤੋਂ ਕ੍ਰਿਕਟ ਤੋਂ ਦੂਰ ਸੀ, ਹੁਣ ਬੈਂਗਲੁਰੂ ਦੇ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਵਿੱਚ ਨੈੱਟ ‘ਤੇ ਗੇਂਦਬਾਜ਼ੀ ਕਰਦਾ ਦਿਖਾਈ ਦੇ ਰਿਹਾ ਹੈ। ਉਸਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਜਲਦੀ ਹੀ ਆਈਪੀਐਲ 2025 ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਦਾ ਨਜ਼ਰ ਆ ਸਕਦਾ ਹੈ।
ਜਸਪ੍ਰੀਤ ਬੁਮਰਾਹ ਨੇ ਦਸੰਬਰ-ਜਨਵਰੀ ਵਿੱਚ ਆਸਟ੍ਰੇਲੀਆ ਦੌਰੇ ‘ਤੇ ਗਈ ਭਾਰਤੀ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਪਰ ਲੜੀ ਦੇ ਆਖਰੀ ਟੈਸਟ ਮੈਚ ਵਿੱਚ ਉਹ ਜ਼ਖਮੀ ਹੋ ਗਏ ਸਨ। ਉਦੋਂ ਤੋਂ ਉਹ ਮੁੜ ਵਸੇਬੇ ਅਤੇ ਰਿਕਵਰੀ ਵਿੱਚ ਰੁੱਝਿਆ ਹੋਇਆ ਸੀ। ਸੱਟ ਦੀ ਗੰਭੀਰਤਾ ਨੂੰ ਦੇਖਦੇ ਹੋਏ, ਬੁਮਰਾਹ ਨੂੰ ਚੈਂਪੀਅਨਜ਼ ਟਰਾਫੀ 2025 ਤੋਂ ਵੀ ਬਾਹਰ ਕਰ ਦਿੱਤਾ ਗਿਆ।
ਮੁੰਬਈ ਇੰਡੀਅਨਜ਼ ਨੂੰ ਆਈਪੀਐਲ 2025 ਵਿੱਚ ਬੁਮਰਾਹ ਦੀ ਘਾਟ ਮਹਿਸੂਸ ਹੋ ਰਹੀ ਹੈ। ਟੀਮ ਨੇ ਆਪਣਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਅਤੇ ਦੂਜਾ ਮੈਚ ਗੁਜਰਾਤ ਟਾਈਟਨਜ਼ ਖ਼ਿਲਾਫ਼ ਖੇਡਿਆ ਪਰ ਦੋਵਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਜਸਪ੍ਰੀਤ ਬੁਮਰਾਹ ਤੋਂ ਬਿਨਾਂ ਗੇਂਦਬਾਜ਼ੀ ਹਮਲਾ ਕਮਜ਼ੋਰ ਲੱਗ ਰਿਹਾ ਸੀ। ਹਾਲਾਂਕਿ, ਹੁਣ ਜੱਸੀ ਨੂੰ ਨੈੱਟ ‘ਤੇ ਪੂਰੀ ਤਾਕਤ ਨਾਲ ਗੇਂਦਬਾਜ਼ੀ ਕਰਦੇ ਦੇਖ ਕੇ ਲੱਗਦਾ ਹੈ ਕਿ NCA ਜਲਦੀ ਹੀ ਉਸਨੂੰ ਖੇਡਣ ਦੀ ਇਜਾਜ਼ਤ ਦੇ ਸਕਦਾ ਹੈ।
