ਥਾਣਾ ਇਸਲਾਮਾਬਾਦ ਨੇ 48 ਘੰਟਿਆਂ ਅੰਦਰ ਕਤਲ ਕੇਸ ਟਰੇਸ ਕਰਕੇ 2 ਮੁਲਜ਼ਮ ਕੀਤੇ ਗ੍ਰਿਫ਼ਤਾਰ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਨੇ ਇਕ ਕਤਲ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ 48 ਘੰਟਿਆਂ ਅੰਦਰ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮਾਮਲਾ 5 ਮਾਰਚ 2025 ਨੂੰ ਮੋਹਨੀ ਪਾਰਕ, ਗਲੀ ਨੰਬਰ 08, ਅੰਮ੍ਰਿਤਸਰ ਵਿਖੇ ਵਾਪਰਿਆ, ਜਿੱਥੇ ਕੁਝ ਨਿਹੰਗ ਸਿੰਘਾਂ ਵੱਲੋਂ ਹੋਏ ਹਮਲੇ ਵਿੱਚ ਲਵਪ੍ਰੀਤ ਸਿੰਘ ਦੀ ਹਤਿਆ ਹੋ ਗਈ।ਲਵਪ੍ਰੀਤ ਸਿੰਘ ਦੀ ਪਤਨੀ ਬਲਜਿੰਦਰ ਕੌਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਇਸਲਾਮਾਬਾਦ ਵਿੱਚ 6 ਮਾਰਚ ਨੂੰ 103(1), 324(4), 191(3), 190 BNS ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਮੁਕੱਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੇਜ਼ ਕਾਰਵਾਈ ਕੀਤੀ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ. ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀ ਹਦਾਇਤ ‘ਤੇ ਵਿਸ਼ੇਸ਼ ਜਾਂਚ ਟੀਮ ਤਿਆਰ ਕੀਤੀ ਗਈ।

ਸਬ-ਇੰਸਪੈਕਟਰ ਜਸਬੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਜ਼ਮੀਨੀ ਪੱਧਰ ‘ਤੇ ਪੁਖ਼ਤਾ ਸਰਗਰਮੀਆਂ ਜਾਰੀ ਰੱਖਦਿਆਂ 8 ਮਾਰਚ ਦੀ ਰਾਤ ਦੋਸ਼ੀਆਂ ਨੂੰ ਰੇਲਵੇ ਲਾਈਨਾਂ ਨਜ਼ਦੀਕ ਕੱਚੇ ਕੁਆਟਰਾਂ ਤੋਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਸੁਰਿੰਦਰ ਸਿੰਘ ਉਰਫ਼ ਲਵ (25) ਅਤੇ ਕੁਲਦੀਪ ਸਿੰਘ (32) ਵਜੋਂ ਹੋਈ ਹੈ। ਦੋਵੇਂ ਨਿਹੰਗ ਸਿੰਘ ਬਾਣੇ ਵਿੱਚ ਸਨ ਅਤੇ ਘਟਨਾ ਵਾਲੇ ਦਿਨ ਉਨ੍ਹਾਂ ਦੀਆਂ ਗੱਡੀਆਂ ਦੀ ਟੱਕਰ ਹੋਣ ਕਾਰਨ ਲੜਾਈ ਹੋਈ, ਜਿਸ ਦੌਰਾਨ ਲਵਪ੍ਰੀਤ ਸਿੰਘ ਦੀ ਹਤਿਆ ਕਰ ਦਿੱਤੀ ਗਈ।ਪੁਲਿਸ ਹੁਣ ਵੀ ਹੋਰ ਸੰਭਾਵੀ ਦੋਸ਼ੀਆਂ ਦੀ ਖੋਜ ਕਰ ਰਹੀ ਹੈ ਅਤੇ ਜਾਂਚ ਜਾਰੀ ਹੈ। ਇਸ ਘਟਨਾ ਨੇ ਸ਼ਹਿਰ ਵਿੱਚ ਚਰਚਾ ਛੇੜ ਦਿੱਤੀ ਹੈ, ਜਦਕਿ ਪੁਲਿਸ ਵਲੋਂ ਤੇਜ਼ ਕਾਰਵਾਈ ਕਰਕੇ ਮਾਮਲੇ ਨੂੰ 48 ਘੰਟਿਆਂ ਵਿੱਚ ਟਰੇਸ ਕਰਨਾ ਇੱਕ ਵੱਡੀ ਸਫਲਤਾ ਮੰਨੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *