ਜਲੰਧਰ – ਪੰਜਾਬ ਵਿਚ ਠੰਡ ਦਾ ਕਹਿਰ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਸੂਬੇ ਦੇ ਤਾਪਮਾਨ ਵਿਚ ਵਾਧਾ ਹੋਵੇਗਾ। ਮੌਸਮ ਨੂੰ ਲੈ ਕੇ ਆਈ. ਐੱਮ. ਡੀ. ਵਿਭਾਗ ਵੱਲੋਂ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਕਿ ਅੱਜ ਤੋਂ ਲੈ ਕੇ 14 ਫਰਵਰੀ ਤੱਕ ਮੌਸਮ ਖ਼ੁਸ਼ਕ ਰਹੇਗਾ। ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਧੁੰਦ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਤੇਜ਼ ਹਵਾਵਾਂ ਜ਼ਰੂਰ ਚੱਲਣਗੀਆਂ। ਇਸ ਦੇ ਨਾਲ ਹੀ ਅੱਜ ਕੁਝ ਜ਼ਿਲ੍ਹਿਆਂ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।

ਉਥੇ ਹੀ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ ਅਗਲੇ 5 ਦਿਨਾਂ ਤੱਕ ਮੌਸਮ ਖ਼ੁਸ਼ਕ ਰਹਿਣ ਦੀ ਉਮੀਦ ਹੈ। ਅਗਲੇ 48 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਵਧ ਸਕਦਾ ਹੈ। ਇਸ ਤੋਂ ਬਾਅਦ ਕੋਈ ਵੱਡਾ ਬਦਲਾਅ ਹੋਣ ਦੀ ਉਮੀਦ ਨਹੀਂ ਹੈ। ਤਾਪਮਾਨ ‘ਚ ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ ਨਹੀਂ ਹੋਣ ਵਾਲਾ ਹੈ ਅਤੇ ਇਸ ਦੇ ਬਾਅਦ 11 ਤਾਰੀਖ਼ ਤੋਂ ਤਾਪਮਾਨ ਵਿਚ ਹਲਕਾ ਵਾਧਾ ਹੋ ਸਕਦਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਜਾਣਕਾਰੀ ਵਿਚ ਅੱਜ ਕੁਝ ਪੰਜਾਬ ਦੇ ਕੁਝ ਹਿੱਸਿਆਂ ਵਿਚ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਹੁਸ਼ਿਆਰਪੁਰ, ਪਠਾਨਕੋਟ, ਅਤੇ ਗੁਰਦਾਸਪੁਰ ਵਿਚ ਵਰਗੇ ਜ਼ਿਲ੍ਹਿਆਂ ਵਿਚ ਹਾਲਕੀ ਬਾਰਿਸ਼ ਹੋ ਸਕਦੀ ਹੈ।

ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਤਾਪਮਾਨ ਦੀ ਤਾਂ ਪੰਜਾਬ ਦੇ ਜ਼ਿਲ੍ਹਿਆਂ ਵਿਚ ਤਾਪਮਾਨ 21.7 ਤੋਂ ਲੈ ਕੇ 25.3 ਡਿਗਰੀ ਸੈਲਸੀਅਸ ਦੇ ਵਿਚ ਬਣਿਆ ਹੋਇਆ ਹੈ। ਹਾਲਾਂਕਿ ਮੌਸਮ ਵਿਭਾਗ ਨੇ ਇਸ ਹਫ਼ਤੇ 24 ਡਿਗਰੀ ਤੱਕ ਤਾਪਮਾਨ ਰਹਿਣ ਦੀ ਉਮੀਦ ਪ੍ਰਗਟਾਈ ਸੀ। ਇਸ ਤਰ੍ਹਾਂ ਘੱਟੋ-ਘੱਟ ਤਾਪਮਾਨ 5.4 ਡਿਗਰੀ ਤੋਂ ਲੈ ਕੇ 9.4 ਡਿਗਰੀ ਸੈਲਸੀਅਸ ਦੇ ਵਿਚ ਹੈ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਮੋਗਾ, ਫਤਿਹਗੜ੍ਹ ਸਾਹਿਬ, ਰੂਪਨਗਰ, ਮੋਹਾਲੀ, ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿਚ ਤੇਜ਼ ਹਵਾਵਾਂ ਚੱਲਣਗੀਆਂ। ਅਗਲੇ ਦੋ ਦਿਨਾਂ ਦੌਰਾਨ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
