ਬਰਨਬੀ (ਅੰਮ੍ਰਿਤ ਢੋਟ): ਨਿਊ ਬਰਨਬੀ ਪਾਰਟੀ (NBP) ਨੇ ਬਰਨਬੀ ਦੀਆਂ 2026 ਦੀਆਂ ਨਗਰ ਨਿਗਮ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ (ਪਲੇਟਫਾਰਮ) ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਜਨਤਕ ਸੁਰੱਖਿਆ, ਕਿਫ਼ਾਇਤੀਪਣ (ਅਫੋਰਡੇਬਿਲਟੀ), ਆਰਥਿਕ ਵਿਕਾਸ, ਆਵਾਜਾਈ, ਪਾਰਕਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਸਥਾਨਕ ਵਸਨੀਕਾਂ ਨਾਲ ਸਲਾਹ-ਮਸ਼ਵਰੇ ਮਗਰੋਂ ਤਿਆਰ ਕੀਤੇ ਗਏ ਇਸ ਚੋਣ ਮਨੋਰਥ ਪੱਤਰ ਵਿੱਚ ਜਨਤਕ ਥਾਵਾਂ ਅਤੇ ਸਰਕਾਰੀ ਫੰਡਾਂ ਵਾਲੇ ਰਿਹਾਇਸ਼ੀ ਖੇਤਰਾਂ ਵਿੱਚ ਗ਼ੈਰ-ਕਾਨੂੰਨੀ ਨਸ਼ਿਆਂ ਦੀ ਵਰਤੋਂ ‘ਤੇ ਰੋਕ ਲਗਾਉਣ, ਬਰਨਬੀ ਆਰ.ਸੀ.ਐੱਮ.ਪੀ. (RCMP) ਲਈ ਸਹਿਯੋਗ ਵਧਾਉਣ, ਪੁਲਿਸ ਸਰੋਤਾਂ ਦੀ ਵੰਡ ਨੂੰ ਬਿਹਤਰ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਅਤੇ ਰੋਕੀਆਂ ਜਾ ਸਕਣ ਵਾਲੀਆਂ ਸੜਕ ਹਾਦਸਿਆਂ ਦੀਆਂ ਮੌਤਾਂ ਨੂੰ ਘਟਾਉਣ ਦੇ ਯਤਨ ਜਾਰੀ ਰੱਖਣ ਦੀ ਤਜਵੀਜ਼ ਰੱਖੀ ਗਈ ਹੈ।
ਐੱਨ.ਬੀ.ਪੀ. ਆਪਣੇ ਪਹਿਲੇ ਬਜਟ ਵਿੱਚ ਪ੍ਰਾਪਰਟੀ ਟੈਕਸ ਵਿੱਚ 0% ਵਾਧੇ ਦੀ ਤਜਵੀਜ਼ ਪੇਸ਼ ਕਰਦੀ ਹੈ, ਅਤੇ ਅਗਲੇ ਚਾਰ ਸਾਲਾਂ ਲਈ ਭਵਿੱਖੀ ਵਾਧੇ ਨੂੰ ਮਹਿੰਗਾਈ ਦਰ ਤੱਕ ਸੀਮਤ ਰੱਖਣ ਦੀ ਗੱਲ ਕਹੀ ਹੈ। ਇਹ ਵਧੇਰੇ ਵਿੱਤੀ ਸੰਜਮ, ਨਗਰ ਨਿਗਮ ਦੀ ਬਿਹਤਰ ਕਾਰਗੁਜ਼ਾਰੀ ਅਤੇ ਕਾਰੋਬਾਰਾਂ ਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਵਾਲੇ ਕਦਮ ਚੁੱਕਣ ਦੀ ਵੀ ਮੰਗ ਕਰਦੀ ਹੈ।


ਇਸ ਦੇ ਆਰਥਿਕ ਸੁਝਾਵਾਂ ਵਿੱਚ ਸਥਾਨਕ ਕਾਰੋਬਾਰਾਂ ਲਈ ਵਧੇਰੇ ਲਚਕਦਾਰ ਜ਼ੋਨਿੰਗ, ਰੋਜ਼ਗਾਰ ਪੈਦਾ ਕਰਨ ਵਾਲੀਆਂ ਅਤੇ ਤਕਨਾਲੋਜੀ ਕੰਪਨੀਆਂ ਨੂੰ ਸਹਿਯੋਗ, ਕਾਰੋਬਾਰੀ ਲਾਇਸੈਂਸ ਨਵਿਆਉਣ (ਰੀਨਿਊਅਲ) ਦੀਆਂ ਫ਼ੀਸਾਂ ਘਟਾਉਣਾ ਅਤੇ ਨਗਰ ਨਿਗਮ ਦੀਆਂ ਪ੍ਰਵਾਨਗੀਆਂ ਵਿੱਚ ਤੇਜ਼ੀ ਲਿਆਉਣਾ ਸ਼ਾਮਲ ਹੈ। ਆਵਾਜਾਈ ਲਈ, ਪਾਰਟੀ ਨੇ ਸਮਾਰਟ ਟ੍ਰੈਫਿਕ ਸਿਗਨਲ, ਵੱਧ ਪਿਕ-ਅੱਪ, ਡ੍ਰੌਪ-ਆਫ਼ ਅਤੇ ਡਿਲੀਵਰੀ ਜ਼ੋਨ, ਬਿਹਤਰ ਟਰਾਂਜ਼ਿਟ-ਸਟਾਪ ਟਿਕਾਣੇ ਅਤੇ ਪਾਰਕਿੰਗ ਦੀਆਂ ਲੋੜਾਂ ਬਾਰੇ ਜਨਤਕ ਸਲਾਹ-ਮਸ਼ਵਰੇ ਦੀ ਤਜਵੀਜ਼ ਰੱਖੀ ਹੈ। ਚੋਣ ਮਨੋਰਥ ਪੱਤਰ ਵਿੱਚ ਪਾਰਕਾਂ ਅਤੇ ਹਰੇ-ਭਰੇ ਖੇਤਰਾਂ ਦੀ ਸੁਰੱਖਿਆ ਤੇ ਵਿਸਥਾਰ, ਸ਼ਹਿਰ ਦੇ ਰੁੱਖਾਂ ਦੇ ਘੇਰੇ (ਟ੍ਰੀ ਕੈਨੋਪੀ) ਨੂੰ ਬਚਾਉਣ, ਪਾਰਕਾਂ ਦੀ ਪਹੁੰਚ ਵਿੱਚ ਸੁਧਾਰ ਕਰਨ ਅਤੇ ਕੰਧਾਂ ‘ਤੇ ਉਕੇਰੇ ਨਾਅਰਿਆਂ (ਗ੍ਰੈਫਿਟੀ) ਤੇ ਆਲੇ-ਦੁਆਲੇ ਦੀ ਸਫ਼ਾਈ ਦੇ ਮੁੱਦੇ ਹੱਲ ਕਰਨ ਦੀ ਵੀ ਮੰਗ ਕੀਤੀ ਗਈ ਹੈ। ਬਰਨਬੀ ਸਿਟੀ ਕੌਂਸਲ ਲਈ ਐੱਨ.ਬੀ.ਪੀ. ਦੇ ਉਮੀਦਵਾਰਾਂ ਵਿੱਚ ਰਿਚਰਡ ਟੀ. ਲੀ, ਅਵਤਾਰ ਧੀਂਸਾ, ਮੋਰਗਨ ਨਿਕੋਲਸਫਿਗੂਏਰੇਡੋ ਹਾਦਿਸ, ਨੇਹਾ ਉਨਦਕਟ ਅਤੇ ਡੇਵਿਡ ਸ਼ੀ ਸ਼ਾਮਲ ਹਨ।
ਬਰਨਬੀ ਸਕੂਲ ਟਰੱਸਟੀ ਉਮੀਦਵਾਰ
ਪਾਰਟੀ ਦੇ ਬਰਨਬੀ ਸਕੂਲ ਟਰੱਸਟੀ ਉਮੀਦਵਾਰਾਂ ਵਿੱਚ ਸਬਰੀਨਾ ਯਾਂਗ ਹਾਦ ਅਤੇ ਹੈਨੀ ਸ਼ਿਆਓ ਸ਼ਾਮਲ ਹਨ।
ਐੱਨ.ਬੀ.ਪੀ. ਦਾ ਕਹਿਣਾ ਹੈ ਕਿ ਉਸ ਦਾ ਚੋਣ ਮਨੋਰਥ ਪੱਤਰ ਅਤੇ ਉਮੀਦਵਾਰਾਂ ਦੀ ਸੂਚੀ 2026 ਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਬਰਨਬੀ ਦੇ ਵਸਨੀਕਾਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਦਾ ਹੱਲ ਪੇਸ਼ ਕਰਦੀ ਹੈ।
