ਜਲੰਧਰ – ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਐਕਟ 2023 ਦੀ ਧਾਰਾ 163 ਤਹਿਤ ਇਕ ਹੁਕਮ ਜਾਰੀ ਕਰ ਕੇ ਕਮਿਸ਼ਨਰੇਟ ਪੁਲਸ ਦੀ ਹੱਦ ਅੰਦਰ ਬੁਲੇਟ ਮੋਟਰਸਾਈਕਲ ਚਲਾਉਣ ਸਮੇਂ ਸਾਇਲੈਂਸਰ ਵਿਚ ਤਕਨੀਕੀ ਸੋਧ ਕਰ ਕੇ ਪਟਾਕੇ ਆਦਿ ਵਜਾਉਣ ਵਾਲੇ ਵਾਹਨ ਚਾਲਕਾਂ ’ਤੇ ਪੂਰੀ ਪਾਬੰਦੀ ਲਾ ਦਿੱਤੀ ਹੈ। ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਦੁਕਾਨਦਾਰ ਆਟੋ ਕੰਪਨੀ ਵੱਲੋਂ ਤੈਅ ਮਾਪਦੰਡਾਂ ਦੇ ਉਲਟ ਬਣਾਏ ਸਾਇਲੈਂਸਰ ਨਹੀਂ ਵੇਚੇਗਾ ਅਤੇ ਨਾ ਹੀ ਕੋਈ ਮਕੈਨਿਕ ਸਾਇਲੈਂਸਰ ਵਿਚ ਤਕਨੀਕੀ ਬਦਲਾਅ ਕਰੇਗਾ।
ਪੁਲਸ ਕਮਿਸ਼ਨਰ ਨੇ ਇਕ ਹੋਰ ਹੁਕਮ ਜ਼ਰੀਏ ਕਮਿਸ਼ਨਰੇਟ ਪੁਲਸ ਦੀ ਹੱਦ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਹਥਿਆਰ ਜਿਵੇਂ ਬੇਸਬਾਲ ਬੈਟ, ਤੇਜ਼ ਹਥਿਆਰ, ਨੋਕੀਲੇ ਹਥਿਆਰ ਜਾਂ ਕਿਸੇ ਵੀ ਘਾਤਕ ਹਥਿਆਰ ਨੂੰ ਵਾਹਨ ਵਿਚ ਲਿਜਾਣ ’ਤੇ ਵੀ ਪਾਬੰਦੀ ਲਾ ਦਿੱਤੀ ਹੈ। ਇਸੇ ਤਰ੍ਹਾਂ ਕਮਿਸ਼ਨਰੇਟ ਪੁਲਸ ਦੀ ਹੱਦ ਅੰਦਰ ਕਿਸੇ ਵੀ ਤਰ੍ਹਾਂ ਦਾ ਜਲੂਸ ਕੱਢਣ, ਕਿਸੇ ਵੀ ਪ੍ਰੋਗਰਾਮ/ਜਲੂਸ ਵਿਚ ਹਥਿਆਰ ਲੈ ਕੇ ਚੱਲਣ, 5 ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ਅਤੇ ਨਾਅਰੇ ਲਾਉਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ।
ਪੁਲਸ ਕਮਿਸ਼ਨਰੇਟ ਦੀ ਹੱਦ ਵਿਚ ਪੈਂਦੇ ਸਾਰੇ ਮੈਰਿਜ ਪੈਲੇਸਾਂ/ਹੋਟਲਾਂ ਦੇ ਬੈਂਕੁਇਟ ਹਾਲਾਂ, ਵਿਆਹ ਪ੍ਰੋਗਰਾਮਾਂ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ ਵਿਚ ਆਮ ਜਨਤਾ ਵੱਲੋਂ ਹਥਿਆਰ ਲੈ ਕੇ ਚੱਲਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਮੈਰਿਜ ਪੈਲੇਸਾਂ ਤੇ ਬੈਂਕੁਇਟ ਹਾਲਾਂ ਦੇ ਮਾਲਕਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਮੈਰਿਜ ਪੈਲੇਸਾਂ/ਹੋਟਲਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਲੁਆਉਣ। ਉਨ੍ਹਾਂ ਕਿਹਾ ਕਿ ਕੋਈ ਵੀ ਦੁਕਾਨਦਾਰ/ਦਰਜ਼ੀ ਖਰੀਦਦਾਰ ਦੀ ਉਚਿਤ ਪਛਾਣ ਤੋਂ ਬਿਨਾਂ ਫੌਜ/ਪੈਰਾ-ਮਿਲਟਰੀ ਫੋਰਸ ਅਤੇ ਪੁਲਸ ਵੱਲੋਂ ਬਣਾਈ ਗਈ ਤਿਆਰ ਵਰਦੀ ਜਾਂ ਕੱਪੜਾ ਨਹੀਂ ਵੇਚੇਗਾ।
ਸੀ. ਪੀ. ਨੇ ਕਿਹਾ ਕਿ ਇਸ ਤੋਂ ਇਲਾਵਾ ਜਦੋਂ ਵੀ ਕੋਈ ਵਿਦੇਸ਼ੀ ਕਿਸੇ ਹੋਟਲ/ਮੋਟਲ/ਗੈਸਟ ਹਾਊਸ ਅਤੇ ਹੋਸਟਲ ਵਿਚ ਠਹਿਰਦਾ ਹੈ ਤਾਂ ਇਸ ਦੀ ਜਾਣਕਾਰੀ ਇੰਚਾਰਜ ਵਿਦੇਸ਼ੀ ਰਜਿਸਟ੍ਰੇਸ਼ਨ ਦਫ਼ਤਰ, ਪੁਲਸ ਕਮਿਸ਼ਨਰ ਜਲੰਧਰ ਦੇ ਦਫ਼ਤਰ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਟਲਾਂ/ਮੋਟਲਾਂ/ਗੈਸਟ ਹਾਊਸਾਂ ਅਤੇ ਸਰਾਵਾਂ ਦੇ ਕਾਰੀਡੋਰਾਂ, ਲਿਫਟਾਂ, ਰਿਸੈਪਸ਼ਨ ਕਾਊਂਟਰਾਂ ਅਤੇ ਮੁੱਖ ਐਂਟਰੀ ਗੇਟ ’ਤੇ ਸੀ. ਸੀ. ਟੀ.ਵੀ. ਕੈਮਰੇ ਲੁਆਏ ਜਾਣ। ਜੇਕਰ ਕੋਈ ਸ਼ੱਕੀ ਵਿਅਕਤੀ ਕਿਸੇ ਹੋਟਲ/ਮੋਟਲ/ਗੈਸਟ ਹਾਊਸ, ਰੈਸਟੋਰੈਂਟ ਅਤੇ ਸਰਾਂ ਵਿਚ ਰੁਕਦਾ/ਆਉਂਦਾ ਹੈ, ਜੋ ਕਿ ਪੁਲਸ ਕੇਸ ਵਿਚ ਲੋੜੀਂਦਾ ਹੈ ਤਾਂ ਇਹ ਹੋਟਲ/ਰੈਸਟੋਰੈਂਟ/ਮੋਟਲ/ਗੈਸਟ ਹਾਊਸ ਅਤੇ ਸਰਾਂ ਦੇ ਮਾਲਕ/ਪ੍ਰਬੰਧਕ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਤੁਰੰਤ ਸਬੰਧਤ ਪੁਲਸ ਸਟੇਸ਼ਨ/ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕਰੇ। ਉਨ੍ਹਾਂ ਕਿਹਾ ਕਿ ਸਾਰੇ ਹੁਕਮ 5 ਮਈ ਤੱਕ ਜਾਰੀ ਰਹਿਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।