ਮੋਹਾਲੀ (ਗੁਰਪ੍ਰੀਤ ਸਿੰਘ): ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਜਿਲਾ ਮੋਹਾਲੀ ਦੇ ਪ੍ਰਧਾਨ ਸਰਬਜੀਤ ਸਿੰਘ ਭੱਟੀ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਗਾਜ਼ਾ ਖੇਤਰ ਦੀ ਦੁਰਲੱਭ ਹਕੀਕੀ ਤਸਵੀਰ ਦੁਨੀਆਂ ਸਾਹਮਣੇ ਲਿਆਉਣ ਵਾਲੇ ਪੱਤਰਕਾਰਾਂ ਨੂੰ ਡਰੋਨ ਹਮਲੇ ਦਾ ਨਿਸ਼ਾਨਾ ਬਣਾਇਆ ਜਾਣਾ ਅਤੇ ਬੁਜ਼ਦਿਲਾਨਾ ਕਾਰੇ ਦੀ ਬੇਹਯਾਈ ਨਾਲ ਜ਼ਿੰਮੇਵਾਰੀ ਵੀ ਚੁੱਕਣਾ ਇਹ ਦਰਸਾਉਂਦਾ ਹੈ ਕਿ ਅਮਰੀਕੀ ਹਾਕਮਾਂ ਦਾ ਥਾਪੜਾ ਪ੍ਰਾਪਤ ਇਜ਼ਰਾਈਲੀ ਹਾਕਮ, ਦੁਨੀਆਂ ਦੇ ਲੋਕਾਂ ਨੂੰ ਸੁਣਾ ਰਹੇ ਹਨ ਕਿ ਜੇ ਕਿਤੇ ਵੀ ਕੋਈ ਵੀ ਪੱਤਰਕਾਰ, ਕਲਮਕਾਰ, ਪ੍ਰੈਸ ਫੋਟੋਗਰਾਫ਼ਰ, ਸਮਾਜਿਕ ਜਮਹੂਰੀ ਕਾਮਾਂ ਲੋਕਾਂ ਦੇ ਹਿੱਤ ਵਿੱਚ ਹਕ਼ੀਕ਼ਤ ਉਪਰ ਰੌਸ਼ਨੀ ਪਾਏਗਾ , ਉਸਦਾ ਇਹੋ ਹਸ਼ਰ ਹੋਏਗਾ।
ਲੋਕਾਂ ਦੀ ਜ਼ੁਬਾਨਬੰਦੀ ਅਤੇ ਜਮਹੂਰੀ ਹੱਕਾਂ ਦੇ ਘਾਣ ਦਾ ਇਹ ਵਰਤਾਰਾ ਦੁਨੀਆਂ ਭਰ ਦੀਆਂ ਇਨਸਾਫ਼ ਪਸੰਦ ਅਤੇ ਜਮਹੂਰੀਅਤ ਪਸੰਦ ਸ਼ਕਤੀਆਂ ਨੂੰ ਤਿੱਖੀ ਵੰਗਾਰ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਕਰਨੀ ਨੂੰ ਸਿਜਦਾ ਕਰਨ ਲਈ ਕਾਲਜਾਂ, ਯੂਨੀਵਰਸਿਟੀਆਂ, ਪਿੰਡਾਂ ਸ਼ਹਿਰਾਂ ਅਤੇ ਆਪਣੀਆਂ ਚੱਲਦੀਆਂ ਲੋਕ ਸਰਗਰਮੀਆਂ ਦਾ ਹਿੱਸਾ ਬਣਾਉਂਦੇ ਹੋਏ ਉਹਨਾਂ ਸੂਰਮੇ ਪੱਤਰਕਾਰਾਂ ਨੂੰ ਸਲਾਮ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸਾਮਰਾਜੀ ਸਿੱਧੇ ਅਸਿੱਧੇ ਧਾਵੇ ਕਰਕੇ ਜਿਵੇਂ ਪੂਰੀ ਦੁਨੀਆਂ ਨੂੰ ਆਪਣੇ ਗੋਡਿਆਂ ਹੇਠ ਲੈਣਾ ਚਾਹੁੰਦੇ ਹਨ , ਇਸ ਵਰਤਾਰੇ ਖਿਲਾਫ਼ ਸਭਨਾਂ ਪੱਤਰਕਾਰਾਂ ਅਤੇ ਲੋਕ ਪੱਖੀ ਤਾਕਤਾਂ ਨੂੰ ਇਹ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਕੋਈ ਵੀ ਸਾਡੇ ਖਿਲਾਫ਼ ਆਵਾਜ਼ ਬੁਲੰਦ ਕਰੇਗਾ ਤਾਂ ਅਗਲਾ ਨੰਬਰ ਉਸਦਾ ਹੋਏਗਾ। ਪੰਜਾਬ- ਚੰਡੀਗੜ੍ਹ ਜਰਨਲਿਸਟ ਯੂਨੀਅਨ, ਮੋਹਾਲੀ ਪੱਤਰਕਾਰਾਂ ਤੇ ਹੋਏ ਹਮਲੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ।
ਗਾਜ਼ਾ ‘ਚ ਪੱਤਰਕਾਰਾਂ ਦੇ ਕਤਲੇਆਮ ਖ਼ਿਲਾਫ਼ ਕੋਮਾਂਤਰੀ ਪੱਧਰ ਤੇ ਸਮੁੱਚੀ ਦੁਨੀਆਂ ਦੇ ਇਨਸਾਫ ਪਸੰਦ ਲੋਕਾਂ ਨੂੰ ਆਵਾਜ਼ ਉਠਾਉਣ ਦੀ ਲੋੜ
