ਗੁਰਪ੍ਰੀਤ ਸਿੰਘ :- ਪੰਜਾਬੀ ਗਾਇਕ ਕਰਨ ਔਜਲਾ ਦਾ ਅੱਜ ਬੰਗਲੌਰ ‘ਚ ਸ਼ੋਅ ਹੈ, ਪਰ ਇਸਤੋਂ ਪਹਿਲਾਂ ਹੀ ਗਾਇਕ ਨੂੰ ਇੱਕ ਨੋਟਿਸ ਜਾਰੀ ਹੋ ਗਿਆ ਹੈ। ਇਹ ਨੋਟਿਸ ਸ਼ੋਅ ਦੌਰਾਨ ਉਸ ਦੇ ਕੁੱਝ ਹਿੱਟ ਗੀਤ ਨਾ ਗਾਉਣ ਲਈ ਜਾਰੀ ਕੀਤਾ ਗਿਆ ਹੈ, ਤਾਂ ਜੋ ਬੱਚਿਆਂ ਉਪਰ ਬੁਰਾ ਪ੍ਰਭਾਵ ਨਾ ਪਵੇ। ਬੰਗਲੌਰ ਚਾਈਲਡ ਪ੍ਰੋਟੈਕਸ਼ਨ ਯੂਨਿਟ ਨੇ ਇਹ ਨੋਟਿਸ ਔਜਲਾ ਨੂੰ ਪ੍ਰੋ. ਪੰਡਿਤ ਧਰੇਨਵਰ ਰਾਓ (Prof. Pandit Dharenwar Rao) ਦੀ ਸ਼ਿਕਾਇਤ ‘ਤੇ ਜਾਰੀ ਕੀਤਾ ਹੈ।
ਨੋਟਿਸ ‘ਚ ਪੁਲਿਸ ਨੂੰ ਇਹ ਹੁਕਮ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ‘ਗੈਗਸਟਾ’ ਗੀਤ ਨੂੰ ਕਿਸੇ ਵੀ ਹਾਲਤ ‘ਚ ਗਾਉਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਰਨ ਔਜਲਾ ਨੂੰ ਆਪਣੇ ਕੁਝ ਖਾਸ ਗੀਤ ਜਿਵੇਂ ‘ਅਧੀਆ’, ‘ਚਿੱਟਾ ਕੁੜਤਾ’, ‘ਅਲਕੋਹਲ 2’, ‘ਫਿਊ ਡੇਅਜ਼’, ‘ਬੰਦੂਕ’ ਗੀਤ ਸ਼ੋਅ ਦੌਰਾਨ ਨਾ ਗਾਉਣ ਦੀ ਮਨਜੂਰੀ ਨਾ ਦੇਣ ਲਈ ਕਿਹਾ ਗਿਆ ਹੈ।
ਪ੍ਰੋ. ਰਾਵ ਨੇ ਆਪਣੀ ਸ਼ਿਕਾਇਤ ਵਿੱਚ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਪੁਰਾਣੇ ਹੁਕਮ (PIL CWP/27011/2016) ਦਾ ਹਵਾਲਾ ਦਿੱਤਾ, ਜਿਸ ਵਿੱਚ ਅਦਾਲਤ ਨੇ ਮੰਨਿਆ ਗਿਆ ਸੀ ਕਿ ਅਜਿਹੇ ਗੀਤ ਛੋਟੇ ਬੱਚਿਆਂ ‘ਤੇ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ।
ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਕਿ ਇਹ ਗੀਤ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਤ ਕਰਦੇ ਹਨ। ਇਸ ਵਿੱਚ ਕਿਹਾ ਗਿਆ ਸੀ ਕਿ ਅਜਿਹੇ ਗੀਤਾਂ ਦਾ ਬੱਚਿਆਂ (ਖਾਸ ਕਰਕੇ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ, ਜਿਨ੍ਹਾਂ ਨੂੰ ਸ਼ੋਅ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ) ਦੀ ਮਾਨਸਿਕ ਸਿਹਤ ‘ਤੇ ਨੁਕਸਾਨਦੇਹ ਪ੍ਰਭਾਵ ਪੈਂਦਾ ਹੈ।
