ਕੇਜਰੀਵਾਲ ਤੇ ਜੁੰਡਲੀ ਨੇ ਪੰਜਾਬ ਦੀ ਅਣਖ ਤੇ ਸਵੈ-ਮਾਣ ਨੂੰ ਠੇਸ ਪਹੁੰਚਾਈ : ਆਸ਼ੂ

ਨੈਸ਼ਨਲ ਟਾਈਮਜ਼ ਬਿਊਰੋ :- ਕਿਹਾ- ਲੁਧਿਆਣਾ ਪੱਛਮੀ ਹਲਕੇ ਦੀ ਲੜਾਈ ਪੰਜਾਬ ਤੇ ਕਾਬਜ਼ ਗੈਰ-ਪੰਜਾਬੀ ਧਾੜਵੀਆਂ ਨਾਲ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਲੁਧਿਆਣਾ ਪੱਛਮੀ ਉਪ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਉਪ ਚੋਣ ਅਸਲ ’ਚ ਗੈਰ-ਪੰਜਾਬੀਆਂ ਵਿਰੁੱਧ ਪੰਜਾਬੀਆਂ ਦੀ ਲੜਾਈ ਹੈ, ਜੋ ਪੰਜਾਬ ਦੇ ਸਰੋਤਾਂ ਨੂੰ ਲੁੱਟਣ ਤੇ ਲੁੱਟਣ ਤੋਂ ਬਾਅਦ ਹੁਣ ਰਾਜਨੀਤਕ ਸੱਤਾ ’ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਸ਼ੂ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਸਾਰੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਲੜ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਸ ਚੋਣ ’ਚ ਪੰਜਾਬੀ ਪੂਰੀ ਤਰ੍ਹਾਂ ਇੱਕਮਤ ਤੇ ਇਕਜੁੱਟ ਹਨ ਤੇ ਇਸ ਲਈ ਵੀ ਸਹਿਮਤ ਹਨ ਕਿ ਕਿਸੇ ਵੀ ਗੈਰ-ਪੰਜਾਬੀ ਨੂੰ ਪੰਜਾਬ ਦੇ ਰਾਜਨੀਤਕ ਅਧਿਕਾਰ ਨੂੰ ਹੜੱਪਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਸ਼ੂ ਨੇ ਕਿਹੈ ਕਿ ਅੱਜ ਪੰਜਾਬੀ ਅਣਖ ਦਾਅ ’ਤੇ ਲੱਗੀ ਹੈ ਤੇ ਸਾਡਾ ਉਹ ‘ਸਵੈ-ਮਾਣ’ ਜਿਸ ਨੂੰ ਅਰਵਿੰਦ ਕੇਜਰੀਵਾਲ ਵਾਰ-ਵਾਰ ਠੇਸ ਪਹੁੰਚਾ ਰਹੇ ਹਨ। ਆਸ਼ੂ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ ਦਿੱਲੀ ਤੋਂ ਆਪਣੇ ਲੋਕਾਂ ਨੂੰ ਥੋਪ ਕੇ ਪੰਜਾਬੀਆਂ ਦੀ ਇੱਜ਼ਤ ਲੁੱਟੀ ਹੈ। ਆਸ਼ੂ ਨੇ ਅੱਗੇ ਕਿਹਾ ਕਿ ਪੰਜਾਬੀਆਂ ਨੇ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ’ਤੇ ਰਾਜ ਕਰਨ ਲਈ ਆਪਣਾ ਫਤਵਾ ਨਹੀਂ ਸੀ ਦਿੱਤਾ। ਆਸ਼ੂ ਨੇ ਕਿਹਾ ਕਿ ਸਥਾਨਕ ‘ਆਪ’ ਵਰਕਰ, ਨੇਤਾ, ਵਿਧਾਇਕ ਤੇ ਜ਼ਿਆਦਾਤਰ ਮੰਤਰੀਆਂ ਦੀ ਸਰਕਾਰ ਤੇ ਪ੍ਰਸ਼ਾਸਨ ’ਚ ਕੋਈ ਪੁੱਛ ਪ੍ਰਤੀਤ ਤੇ ਸਤਿਕਾਰ ਨਹੀਂ ਹੈ। ‘ਆਪ’ ਦੇ ਵਰਕਰ ਇੱਕ ਵੀ ਜੂਨੀਅਰ ਅਧਿਕਾਰੀ ਦਾ ਤਬਾਦਲਾ ਨਹੀਂ ਕਰਵਾ ਸਕਦੇ, ਕਿਉਂਕਿ ਇਹ ਵੀ ਦਿੱਲੀ ਤੋਂ ਨਿਰਦੇਸ਼ਿਤ ਹੁੰਦਾ ਹੈ। ‘ਆਪ’ ਦੇ ਮੰਤਰੀਆਂ ਤੇ ਵਿਧਾਇਕਾਂ ’ਤੇ ਇੰਨਾ ਜ਼ਿਆਦਾ ਦਬਾਅ ਹੈ ਕਿ ਉਹ ਆਪਣੇ ਪੀਏ ਤੇ ਓਐੱਸਡੀ ਵੀ ਨਿਯੁਕਤ ਨਹੀਂ ਕਰ ਸਕਦੇ ਤੇ ਇਹ ਵੀ ਦਿੱਲੀ ਤੋਂ ਥੋਪੇ ਜਾਂਦੇ ਹਨ। ਆਸ਼ੂ ਨੇ ਕਿਹਾ ਕਿ ਇਹ ਨੋਟ ਕਰਦੇ ਹੋਏ ਕਿ ਕੋਈ ਵੀ ਪੰਜਾਬੀ ਇਸ ਨਿਰਾਦਰ ਤੇ ਪੰਜਾਬੀ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਨੂੰ ਬਰਦਾਸ਼ਤ ਨਹੀਂ ਕਰੇਗਾ। ਹੁਣ ਵੀ ਕੇਜਰੀਵਾਲ ਪੰਜਾਬੀਆਂ ਤੋਂ ਰਾਜ ਸਭਾ ਸੀਟ ਖੋਹ ਕੇ ਖੁਦ ਇਸ ਨੂੰ ਖੋਹਣ ਤੇ ਰਾਜ ਸਭਾ ’ਚ ਜਾਣ ਦਾ ਟੀਚਾ ਰੱਖ ਰਿਹਾ ਹੈ। ਪੰਜਾਬੀਆਂ ਨੂੰ ਇਸ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਹੈ, ਕਿਉਂਕਿ ਰਾਜ ਸਭਾ ਤੇ ਵਿਧਾਇਕਾਂ ਦੇ ਬਹੁਮਤ ਨੂੰ ਸਾਹਮਣੇ ਰੱਖਦਿਆਂ ਪਹਿਲਾ ਹੱਕ ਪੰਜਾਬ ਤੇ ਪੰਜਾਬੀਆਂ ਦਾ ਹੈ। ‘ਆਪ’ ਵਰਕਰਾਂ ਤੇ ਆਗੂਆਂ ਦੀ ਕਦਰ ਨਹੀਂ ਕੀਤੀ ਤੇ ਹਰ ਇੱਕ ਨੂੰ ਡਰਾ ਕੇ ਰੱਖਣ ਦਾ ਰਸਤਾ ਅਪਣਾਇਆ ਹੋਇਆ ਹੈ। ਆਸ਼ੂ ਨੇ ਕਿਹਾ ਕਿ ਕੇਜਰੀਵਾਲ ਦੀ ਹਿਟਲਰਸ਼ਾਹੀ ਹਕੂਮਤ ਦਾ ਅੰਤ ਲੁਧਿਆਣਾ ਪੱਛਮੀ ਉੱਪ ਚੋਣ ਦੀ ਹਾਰ ਤੋਂ ਬਾਅਦ ਸ਼ੁਰੂ ਹੋ ਜਾਵੇਗਾ ਤੇ ਦਿੱਲੀ ਦੇ ਨਕਾਰੇ ਆਗੂਆਂ ਦੇ ਪੰਜਾਬ ’ਤੇ ਤਾਨਾਸ਼ਾਹੀ ਸ਼ਾਸਨ ਦੇ ਅੰਤ ਦੀ ਸ਼ੁਰੂਆਤ ਹੋਵੇਗੀ।

By Gurpreet Singh

Leave a Reply

Your email address will not be published. Required fields are marked *