ਲੁਧਿਆਣਾ, (ਗੁਰਪ੍ਰੀਤ ਸਿੰਘ) :- ਅੱਜ ਤੋਂ ਲੁਧਿਆਣਾ ਦੇ ‘ਕਿਲਾ ਰਾਏਪੁਰ ਪੇਂਡੂ ਓਲੰਪਿਕ’ ਖੇਡਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕਿਲਾ ਰਾਏਪੁਰ ਦੇ ਗਰੇਵਾਲ ਸਪੋਰਟਸ ਸਟੇਡੀਅਮ ‘ਚ ਪੇਂਡੂ ਓਲੰਪਿਕ ਖੇਡਾਂ ਸ਼ੁਰੂ ਹੋਣਗੀਆਂ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ 12 ਵਜੇ ਇਨ੍ਹਾਂ ਖੇਡਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਖੇਡਾਂ ‘ਚ 11 ਸਾਲਾਂ ਬਾਅਦ ਬੈਲ ਗੱਡੀਆਂ ਦੀ ਦੌੜ ਹੋਣ ਜਾ ਰਹੀ ਹੈ।
ਮਿੰਨੀ ਓਲੰਪਿਕ ਕਹੀਆਂ ਜਾਣ ਵਾਲੀਆਂ ਕੀਲਾ ਰਾਏਪੁਰ ਦੀਆਂ ਖੇਡਾਂ ‘ਚ ਮੁੜ ਬੈਲ ਗੱਡੀਆਂ ਦੀ ਦੌੜ ਸ਼ੁਰੂ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ ਇਸ ਵਾਰ ਵੱਡਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਬੈਲ ਦੌੜਾਕ ਰੇਸ ‘ਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਲਦਾਂ ਦੀ ਦੌੜ ਨਾਲ ਇਨ੍ਹਾਂ ਖੇਡਾਂ ਦੀ ਸ਼ਾਨ ਵੱਧ ਗਈ ਹੈ।
ਉੱਥੇ ਹੀ, ਲੁਧਿਆਣਾ ਪ੍ਰਸ਼ਾਸਨ ਵੱਲੋਂ ਵੀ ਇਨ੍ਹਾਂ ਖੇਡਾਂ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਡੀਸੀ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੱਤੀ ਸੀ ਕਿ ਨਿਯਮਾਂ ਦੇ ਕਾਨੂੰਨ ਮੁਤਾਬਕ ਬਲਦਾਂ ਦੀ ਦੌੜ ਕਰਵਾਈ ਜਾ ਰਹੀ ਹੈ।
ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ 2014 ਤੋਂ ਕਿਲਾ ਰਾਏਪੁਰ ਖੇਡਾਂ ਚ ਬਲਦਾਂ ਦੀ ਦੌੜ ਦੇ ਰੋਕ ਲਗਾ ਦਿੱਤੀ ਗਈ ਸੀ। ਪੰਜਾਬ ਸਰਕਾਰ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿਧਾਨ ਸਭਾ ਚ ਬਿੱਲ ਚ ਸੋਧ ਕਰਦੇ ਹੋਏ ਬਲਦਾਂ ਦੀ ਦੌੜ ਕਰਵਾਉਣ ਦਾ ਰਸਤਾ ਫਿਰ ਸਾਫ਼ ਕਰਵਾ ਦਿੱਤਾ ਸੀ। ਸਰਕਾਰ ਦੇ ਇਸ ਫੈਸਲੇ ਨਾਲ ਬਲਦਾਂ ਦੀ ਦੌੜ ਦਾ ਕਾਨੂੰਨੀ ਪੇਚ ਸਾਫ਼ ਹੋ ਗਿਆ ਸੀ। ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਇਨ੍ਹਾਂ ਖੇਡਾਂ ਦਾ ਆਯੋਜਨ ਕਰਵਾ ਰਹੀ ਹੈ। ਬਲਦਾਂ ਦੀ ਦੌੜ ਕਿਲਾ ਰਾਏਪੁਰ ਖੇਡਾਂ ਚ ਮੁੱਖ ਖਿੱਚ ਦਾ ਕੇਂਦਰ ਹੁੰਦੀ ਸੀ। ਜਦੋਂ ਬਲਦਾਂ ਦੀ ਦੌੜ ਤੇ ਰੋਕ ਲੱਗੀ ਤਾਂ ਖੇਡਾਂ ਦੀ ਰੌਣਕ ਵੀ ਘੱਟ ਗਈ।
ਅੱਜ ਤੋਂ ਸ਼ੁਰੂ ਹੋ ਰਹੀਆਂ ਕਿਲਾ ਰਾਏਪੁਰ ਪੇਂਡੂ ਉਲੰਪਿਕ ਖੇਡਾਂ, 11 ਸਾਲ ਬਾਅਦ ਬੈਲ ਗੱਡੀਆਂ ਦੀ ਦੌੜ ਕਰ ਰਹੀ ਵਾਪਸੀ
