ਪੰਜਾਬ ਵਿਧਾਨਸਭਾ ਸੈਸ਼ਨ – ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਵਿਖੇ ਤਹਿਸੀਲ ਕੰਪਲੈਕਸ ਤੇ ਐੱਸ. ਡੀ. ਐੱਮ ਦਫ਼ਤਰ ਬਣਾਉਣ ਦੀ ਕੀਤੀ ਗੱਲ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਧਾਨ ਸਭਾ ਦੇ ਦੂਜੇ ਦਿਨ ਦੇ ਸੈਸ਼ਨ ਦੌਰਾਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿੱਚ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੂੰ ਡੇਰਾਬਸੀ ਵਿਖੇ ਤਹਿਸੀਲ ਕੰਪਲੈਕਸ ਅਤੇ ਐਸ.ਡੀ.ਐਮ. ਦਫਤਰ ਬਣਾਉਣ ਬਾਰੇ ਸਵਾਲ ਕੀਤਾ।

ਮਾਲ ਮੰਤਰੀ ਵੱਲੋਂ ਜੁਆਬ ਵਿੱਚ ਕਿਹਾ ਗਿਆ ਕਿ ਪਿੰਡ ਜਵਾਹਰਪੁਰ ਵਿਖੇ ਪੰਚਾਇਤ ਤੋਂ 6 ਏਕੜ 7 ਕਨਾਲ 13 ਮਰਲੇ ਜਮੀਨ ਖਰੀਦੀ ਗਈ ਹੈ। ਉਨ੍ਹਾਂ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਕਿ ਇਹ ਜਮੀਨ ਗ੍ਰਹਿ ਵਿਭਾਗ ਵੱਲੋਂ ਸਬ ਡਵੀਜਨਲ ਜੁਡੀਸ਼ੀਅਲ ਕੰਪਲੈਕਸ ਦੀ ਉਸਾਰੀ ਲਈ ਖਰੀਦੀ ਗਈ ਹੈ। ਹਲਕਾ ਵਿਧਾਇਕ ਵੱਲੋਂ ਦੱਸਿਆ ਗਿਆ ਕਿ ਡੇਰਾਬੱਸੀ ਪੰਜਾਬ ਦਾ ਇਕ ਬਹੁਤ ਵੱਡਾ ਹਲਕਾ ਹੈ, ਜਿਸ ਦੀ ਆਬਾਦੀ 10 ਤੋਂ 12 ਲੱਖ ਦੇ ਕਰੀਬ ਹੈ। ਮੌਜੂਦਾ ਸਮੇਂ ਤਹਿਸੀਲ ਕੰਪਲੈਕਸ ਬਹੁਤ ਛੋਟੀ ਜਗ੍ਹਾ ਵਿੱਚ ਆਪਣਾ ਕੰਮ ਚਲਾ ਰਿਹਾ ਹੈ।

ਹਲਕਾ ਵਿਧਾਇਕ ਵੱਲੋਂ ਮੰਤਰੀ ਸਾਹਿਬ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਜਵਾਹਰਪੁਰ ਵਾਲੀ ਜਗ੍ਹਾ ਤੇ ਕਿੰਨੀ ਦੇਰ ਵਿੱਚ ਤਹਿਸੀਲ ਕੰਪਲੈਕਸ ਅਤੇ ਐਸ.ਡੀ.ਐਮ. ਦਫਤਰ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।ਉਨ੍ਹਾਂ ਵੱਲੋਂ ਕਿਹਾ ਗਿਆ ਤਹਿਸੀਲ ਦਫਤਰ ਸਬ ਡਵੀਜਨ ਦੀ ਜਾਨ ਹੁੰਦੀ ਹੈ, ਜਿਥੇ ਸਾਰੇ ਲੋਕਾਂ ਨੇ ਰਜਿਸਟਰੀਆਂ ਕਰਾਉਣ ਲਈ ਆਉਣਾ ਹੁੰਦਾ ਹੈ। ਮੌਜੂਦਾ ਸਮੇਂ ਸਾਰੇ ਤਹਿਸੀਲਦਾਰ ਮੰਦੀ ਹਾਲਤ ਵਿੱਚ ਬੈਠੇ ਹਨ। ਉਨ੍ਹਾਂ ਵੱਲੋਂ ਮਾਲ ਮੰਤਰੀ ਨੂੰ ਪੁੱਛਿਆ ਗਿਆ ਕਿ ਤਹਿਸੀਲ ਕੰਪਲੈਕਸ, ਐਸ.ਡੀ.ਐਮ ਦਫਤਰ ਅਤੈ ਹੋਰ ਸਾਰੇ ਦਫਤਰਾਂ ਲਈ ਜਗ੍ਹਾਂ ਕਦੋਂ ਤੱਕ ਬਣ ਕੇ ਤਿਆਰ ਹੋ ਜਾਵੇਗੀ। ਵਿਧਾਇਕ ਰੰਧਾਵਾ ਦੇ ਸਵਾਲ ਦੇ ਜਵਾਬ ਵਿੱਚ, ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਭਰੋਸਾ ਦਿੱਤਾ ਕਿ ਜਦੋਂ ਜਵਾਹਰਪੁਰ ਵਿਖੇ ਜੁਡੀਸ਼ੀਅਲ ਕੰਪਲੈਕਸ ਦੀ ਬਿਲਡਿੰਗ ਬਣ ਕੇ ਤਿਆਰ ਹੋ ਜਾਵੇਗੀ ਤਾਂ ਉਪ ਮੰਡਲ ਦਫਤਰ ਮੁੜ ਪੁਰਾਣੀ ਜਗ੍ਹਾਂ ਤੇ ਚਲਾ ਜਾਵੇਗਾ।

By Gurpreet Singh

Leave a Reply

Your email address will not be published. Required fields are marked *