ਰਾਜੀਵ ਸ਼ਰਮਾ :- ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਸੰਸਥਾਪਕ ਲਲਿਤ ਮੋਦੀ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ। ਲਲਿਤ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਬ੍ਰਿਟਿਸ਼ ਨਾਗਰਿਕਤਾ ਮਿਲ ਗਈ ਹੈ। ਬ੍ਰਿਟੇਨ ਦੀ ਮਸ਼ਹੂਰ ਸੰਸਥਾ Oxford Union ਵਿੱਚ ਇੱਕ ਪ੍ਰੋਗਰਾਮ ਦੌਰਾਨ ਬੋਲਦਿਆਂ ਉਨ੍ਹਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ। ਭਾਰਤ ਦੇ ਭਗੌੜੇ ਲਲਿਤ ਮੋਦੀ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ਬੇਹੱਦ ਭਾਵੁਕ, ਨਿੱਜੀ ਅਤੇ ਮਾਣ ਨਾਲ ਭਰਿਆ ਨਵਾਂ ਅਧਿਆਇ ਦੱਸਿਆ ਹੈ।
ਪਰਿਵਾਰ ਦੀ ਮੌਜੂਦਗੀ ਵਿੱਚ ਮਨਾਇਆ ਜਸ਼ਨ
Oxford Union ਦੇ ਮੰਚ ਤੋਂ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ Twitter) ‘ਤੇ ਇੱਕ ਪੋਸਟ ਰਾਹੀਂ ਲਲਿਤ ਮੋਦੀ ਨੇ ਦੱਸਿਆ ਕਿ ਨਾਗਰਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ 15 ਸਤੰਬਰ 2026 ਨੂੰ ਪੂਰੀ ਹੋ ਗਈ ਸੀ। ਇਸ ਦਿਨ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਇੱਕ ਵਿਸ਼ੇਸ਼ ਨਾਗਰਿਕਤਾ ਸਮਾਰੋਹ ਦੌਰਾਨ ਇਸ ਉਪਲਬਧੀ ਦਾ ਜਸ਼ਨ ਮਨਾਇਆ। ਉਨ੍ਹਾਂ ਨੇ ਇਸ ਪਲ ਨੂੰ ਆਪਣੇ ਦਿਲ ਦੇ ਬੇਹੱਦ ਕਰੀਬ ਦੱਸਿਆ।
