ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ: 7 ਪੁਲਿਸ ਮੁਲਾਜ਼ਮਾਂ ਦਾ ਹੋਵੇਗਾ ਪੌਲੀਗ੍ਰਾਫ਼ ਟੈਸਟ, ਅਦਾਲਤ ਨੇ ਦਿੱਤੀ ਮਨਜ਼ੂਰੀ

ਨੈਸ਼ਨਲ ਟਾਈਮਜ਼ ਬਿਊਰੋ :- ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਵਿੱਚ ਇੰਟਰਵਿਊ ਲੈਣ ਦੇ ਮਾਮਲੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਤਰੱਕੀ ਸਾਹਮਣੇ ਆਈ ਹੈ। 7 ਪੁਲਸ ਮੁਲਾਜ਼ਮਾਂ ਦਾ ਪੌਲੀਗ੍ਰਾਫ਼ (ਲਾਈ ਡਿਟੈਕਟਰ) ਟੈਸਟ ਕੀਤਾ ਜਾਵੇਗਾ। ਮੋਹਾਲੀ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੀ ਅਦਾਲਤ ਨੇ ਇਸ ਟੈਸਟ ਦੀ ਮਨਜ਼ੂਰੀ ਦੇ ਦਿੱਤੀ ਹੈ।

ਮਾਮਲੇ ਦੀ ਜਾਂਚ ਕਰ ਰਹੀ ਐਨਟੀ ਨਾਰਕੋਟਿਕਸ ਟਾਸਕ ਫੋਰਸ (ANTF) ਵੱਲੋਂ ਸਰਕਾਰੀ ਵਕੀਲ ਰਾਹੀਂ ਅਦਾਲਤ ‘ਚ ਪਟੀਸ਼ਨ ਦਾਇਰ ਕਰਕੇ ਸਬ ਇੰਸਪੈਕਟਰ ਜਗਤਪਾਲ ਜੱਗੂ, ਏਐਸਆਈ ਮੁਖਤਿਆਰ ਸਿੰਘ, ਕਾਂਸਟੇਬਲ ਸਿਮਰਨਜੀਤ, ਹਰਪ੍ਰੀਤ, ਬਲਵਿੰਦਰ, ਸਤਨਾਮ ਤੇ ਅੰਮ੍ਰਿਤਪਾਲ ਸਿੰਘ ਦਾ ਪੌਲੀਗ੍ਰਾਫ਼ ਟੈਸਟ ਕਰਵਾਉਣ ਦੀ ਮੰਗ ਕੀਤੀ ਗਈ ਸੀ।

ਸੂਤਰਾਂ ਮੁਤਾਬਕ, ਇਹ ਟੈਸਟ ਇਸ ਹਫ਼ਤੇ ਹੋ ਸਕਦੇ ਹਨ। ਸਰਕਾਰ ਨੇ ਦਲੀਲ ਦਿੱਤੀ ਕਿ ਇਨ੍ਹਾਂ ਮੁਲਾਜ਼ਮਾਂ ਦੇ ਬਿਆਨ ਦਰਜ ਹੋ ਚੁੱਕੇ ਹਨ ਪਰ ਸੱਚਾਈ ਦੀ ਪੁਸ਼ਟੀ ਲਈ ਵਿਗਿਆਨਕ ਪੱਧਰ ‘ਤੇ ਟੈਸਟ ਕਰਨਾ ਲਾਜ਼ਮੀ ਹੈ। ਉਨ੍ਹਾਂ ਦੀ ਲਿਖਤੀ ਸਹਿਮਤੀ ਲੈ ਲਈ ਗਈ ਹੈ, ਜੋ ਕਿ ਅਜਿਹੇ ਟੈਸਟ ਲਈ ਕਾਨੂੰਨੀ ਤੌਰ ਤੇ ਜ਼ਰੂਰੀ ਹੁੰਦੀ ਹੈ।

ਪੌਲੀਗ੍ਰਾਫ਼ ਟੈਸਟ ਕੀ ਹੁੰਦਾ ਹੈ?
ਇਸਨੂੰ ਆਮ ਬੋਲਚਾਲ ਵਿੱਚ ਲਾਈ ਡਿਟੈਕਟਰ ਕਿਹਾ ਜਾਂਦਾ ਹੈ। ਇਹ ਯੰਤਰ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ, ਸਾਹ ਲੈਣ ਦੀ ਗਤੀ ਅਤੇ ਚਮੜੀ ਦੀ ਸੰਵੇਦਨਸ਼ੀਲਤਾ ਨੂੰ ਮਾਪਦਾ ਹੈ, ਜਿਸ ਰਾਹੀਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਕੋਈ ਵਿਅਕਤੀ ਸੱਚ ਬੋਲ ਰਿਹਾ ਹੈ ਜਾਂ ਝੂਠ।

ਮਾਮਲਾ ਕੀ ਸੀ?
3 ਅਪ੍ਰੈਲ, 2022 ਨੂੰ ਲਾਰੈਂਸ ਬਿਸ਼ਨੋਈ ਦਾ ਇਕ ਇੰਟਰਵਿਊ ਵਾਇਰਲ ਹੋ ਗਿਆ ਸੀ ਜੋ ਇੱਕ ਟੀਵੀ ਚੈਨਲ ‘ਤੇ ਚੱਲਾਇਆ ਗਿਆ। ਉਸ ਸਮੇਂ ਲਾਰੈਂਸ ਸੀਆਈਏ ਪੁਲਿਸ ਸਟੇਸ਼ਨ ਖਰੜ ਦੀ ਹਿਰਾਸਤ ਵਿੱਚ ਸੀ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਸਮੇਤ 6 ਹੋਰ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ।

ਇਹ ਮੁਲਾਜ਼ਮ ਲਾਪਰਵਾਹੀ ਅਤੇ ਡਿਊਟੀ ਦੀ ਉਲੰਘਣਾ ਦੇ ਦੋਸ਼ਾਂ ‘ਚ ਘਿਰੇ ਹੋਏ ਹਨ। ਮੁਅੱਤਲ ਕੀਤੇ ਗਏ ਹੋਰ ਅਧਿਕਾਰੀਆਂ ਵਿੱਚ ਡੀਐਸਪੀ ਸਮਰਨ ਵਿਨੀਤ, ਸਬ ਇੰਸਪੈਕਟਰ ਰੀਨਾ, ਸਬ ਇੰਸਪੈਕਟਰ ਸ਼ਗਨਜੀਤ, ਏਐਸਆਈ ਮੁਖਤਿਆਰ ਸਿੰਘ ਤੇ ਐਚਸੀ ਓਮ ਪ੍ਰਕਾਸ਼ ਵੀ ਸ਼ਾਮਲ ਹਨ।

ਹੁਣ ਜਦ ਕਿ ਟੀਵੀ ਚੈਨਲ ਤੇ ਚੱਲੀ ਇਹ ਕਲਿੱਪ ਸਾਰੇ ਸਿਸਟਮ ਉੱਤੇ ਸਵਾਲ ਖੜ੍ਹੇ ਕਰ ਰਹੀ ਹੈ, ਅਦਾਲਤ ਨੇ ਜਾਂਚ ਨੂੰ ਹੋਰ ਪੱਕਾ ਕਰਨ ਲਈ ਵਿਗਿਆਨਕ ਟੈਸਟ ਦੀ ਮਨਜ਼ੂਰੀ ਦੇ ਦਿੱਤੀ ਹੈ।

By Gurpreet Singh

Leave a Reply

Your email address will not be published. Required fields are marked *