ਕੈਨੇਡਾ ਫੈਡਰਲ ਚੋਣਾਂ 2025: ਐਡਵਾਂਸ ਪੋਲਾਂ ਨੂੰ ਲੈ ਕੇ ਵੋਟਰਾਂ ‘ਚ ਜੋਸ਼, ਕਈ ਸਥਾਨਾਂ ‘ਤੇ ਲੰਬੀਆਂ ਲਾਈਨਾਂ

ਚੋਣਾਂ ਤੋਂ ਪਹਿਲਾਂ ਹੀ ਵੋਟ ਪਾਉਣ ਲਈ ਲਗੀਆਂ ਲੰਬੀਆਂ ਲਾਈਨਾਂ, ਐਡਵਾਂਸ ਪੋਲ ਦੇ ਪਹਿਲੇ ਦਿਨ ਹੀ ਹੋਇਆ ਰਿਕਾਰਡ ਮਤਦਾਨ, 130,000 ਤੋਂ ਵੱਧ ਨੇ ਪਾਇਆ ਵਿਸ਼ੇਸ਼ ਬੈਲਟ ਰਾਹੀਂ ਵੋਟ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਵਿਚ 28 ਅਪ੍ਰੈਲ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਐਡਵਾਂਸ ਪੋਲ ਸ਼ੁੱਕਰਵਾਰ ਤੋਂ ਖੁੱਲ੍ਹ ਗਏ ਹਨ। ਇਹ ਪੋਲ 18 ਤੋਂ 21 ਅਪ੍ਰੈਲ ਤੱਕ ਚੱਲਣਗੇ, ਜਿਸ ਦੌਰਾਨ ਰਜਿਸਟਰਡ ਵੋਟਰ ਰੋਜ਼ਾਨਾ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੇ ਨਿਰਧਾਰਤ ਵੋਟਿੰਗ ਸਟੇਸ਼ਨਾਂ ‘ਤੇ ਵੋਟ ਪਾ ਸਕਣਗੇ। ਵੋਟ ਪਾਉਣ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਭਰ ਵਿੱਚ ਵੋਟਰਾਂ ਵਿਚ ਜ਼ੋਰਦਾਰ ਉਤਸ਼ਾਹ ਵੇਖਣ ਨੂੰ ਮਿਲਿਆ।

ਕਈ ਸ਼ਹਿਰਾਂ ਵਿਚ ਵੋਟਰਾਂ ਨੂੰ ਲੰਬੀਆਂ ਲਾਈਨਾਂ ਵਿੱਚ ਉਡੀਕ ਕਰਨੀ ਪਈ। ਸੋਸ਼ਲ ਮੀਡੀਆ ‘ਤੇ ਸਾਂਝੀਆਂ ਹੋ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਲੋਕ ਵੋਟ ਪਾਉਣ ਲਈ ਇੱਕ-ਇੱਕ ਘੰਟੇ ਤੱਕ ਖੜ੍ਹੇ ਦਿਸੇ। ਸੀ.ਬੀ.ਸੀ. ਨਿਊਜ਼ ਮੁਤਾਬਕ, ਇਲੈਕਸ਼ਨਜ਼ ਕੈਨੇਡਾ ਦੇ ਬੁਲਾਰੇ ਡੁਗਲਡ ਮੌਡਸਲੇ ਨੇ ਕਿਹਾ ਕਿ ਚੋਣਾਂ ਲਈ ਲੋਕਾਂ ਵਿਚ ਕਾਫੀ ਰੁਚੀ ਵੇਖੀ ਜਾ ਰਹੀ ਹੈ ਅਤੇ ਕਈ ਵੋਟਿੰਗ ਕੇਂਦਰਾਂ ‘ਤੇ ਭੀੜ ਬਣੀ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਐਡਵਾਂਸ ਪੋਲਿੰਗ ਦੇ ਪਹਿਲੇ ਦਿਨ ਭਾਵੇਂ ਮਤਦਾਨ ਦੀ ਗਿਣਤੀ ਵੱਧ ਰਹੀ ਹੋਵੇ, ਪਰ ਇਹ ਜ਼ਰੂਰੀ ਨਹੀਂ ਕਿ ਆਖਰੀ ਤੌਰ ‘ਤੇ ਕੁੱਲ ਵੋਟਿੰਗ ਦਰ ਵੀ ਵਧੇ। ਹਾਲਾਂਕਿ ਹਾਲਾਤ ਇਸੇ ਦਿਸ਼ਾ ਵੱਲ ਇਸ਼ਾਰਾ ਕਰ ਰਹੇ ਹਨ।

ਇਸ ਵਾਰੀ ਇੱਕ ਹੋਰ ਰੁਝਾਨ ਜੋ ਨਜ਼ਰ ਆਇਆ, ਉਹ ਸੀ ਵਿਸ਼ੇਸ਼ ਬੈਲਟ ਰਾਹੀਂ ਹੋ ਰਹੀ ਵੋਟਿੰਗ। ਇਲੈਕਸ਼ਨਜ਼ ਕੈਨੇਡਾ ਦੇ ਅੰਕੜਿਆਂ ਅਨੁਸਾਰ, 130,000 ਤੋਂ ਵੱਧ ਵੋਟਰ ਪਹਿਲਾਂ ਹੀ ਵਿਸ਼ੇਸ਼ ਬੈਲਟ ਰਾਹੀਂ ਆਪਣਾ ਵੋਟ ਪਾ ਚੁੱਕੇ ਹਨ। ਇਹ ਗਿਣਤੀ 2021 ਦੀਆਂ ਚੋਣਾਂ ਦੇ ਮੁਕਾਬਲੇ ਕਾਫੀ ਵੱਧ ਹੈ। 2021 ਵਿਚ ਐਸੇ ਹੀ ਸਮੇਂ ਦੌਰਾਨ ਇਹ ਗਿਣਤੀ ਇਸ ਦੇ ਅੱਧ ਤੋਂ ਵੀ ਘੱਟ ਸੀ।ਗੱਲ ਕਰੀਏ ਪਿਛਲੀਆਂ ਚੋਣਾਂ ਦੀ, ਤਾਂ 2019 ਵਿੱਚ ਲਗਭਗ 50 ਲੱਖ ਲੋਕਾਂ ਨੇ ਐਡਵਾਂਸ ਪੋਲ ਵਿੱਚ ਵੋਟ ਪਾਇਆ ਸੀ, ਜਦਕਿ 2021 ਵਿੱਚ ਇਹ ਗਿਣਤੀ 5.8 ਮਿਲੀਅਨ ਤੱਕ ਪਹੁੰਚ ਗਈ। 2019 ਵਿੱਚ ਵੋਟਿੰਗ ਦਰ 67 ਫੀਸਦੀ ਸੀ, ਜੋ ਕਿ 2021 ਵਿੱਚ ਘਟ ਕੇ 62.2 ਫੀਸਦੀ ਰਹਿ ਗਈ ਸੀ।ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰੀ ਕੈਨੇਡਾ ਦੇ ਵੋਟਰ ਆਪਣੇ ਹੱਕ ਦਾ ਪ੍ਰਯੋਗ ਕਿੰਨੀ ਭਾਗੀਦਾਰੀ ਨਾਲ ਕਰਦੇ ਹਨ ਅਤੇ ਕੀ ਇਹ ਉਤਸ਼ਾਹ ਚੋਣ ਦਿਨ ਤੱਕ ਕਾਇਮ ਰਹੇਗਾ।

By Rajeev Sharma

Leave a Reply

Your email address will not be published. Required fields are marked *