ਨੈਸ਼ਨਲ ਟਾਈਮਜ਼ ਬਿਊਰੋ :- ਲਿਬਰਲ ਐਮਪੀ ਐਂਥਨੀ ਹਾਊਸਫਾਦਰ ਅਤੇ ਉਨ੍ਹਾਂ ਦੇ 31 ਸਾਥੀ ਐਮਪੀਜ਼ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਕੈਨੇਡਾ ਵਿੱਚ “ਯਹੂਦੀ-ਵਿਰੋਧਵਾਦ ਦੇ ਨਿੰਦਣਯੋਗ ਵਾਧੇ” ਦੀ ਸਖ਼ਤ ਨਿੰਦਾ ਕੀਤੀ ਹੈ।
ਉਨ੍ਹਾਂ ਨੇ ਕੈਨੇਡੀਅਨਜ਼ ਨੂੰ ਅਪੀਲ ਕੀਤੀ ਹੈ ਕਿ ਇਹੋ ਜਿਹੀ ਨਫ਼ਰਤ ਅਤੇ ਯਹੂਦੀ ਭਾਈਚਾਰੇ ਵਿਰੁੱਧ ਵਧ ਰਹੀ ਹਿੰਸਾ ਦਾ ਇਕੱਠੇ ਹੋ ਕੇ ਵਿਰੋਧ ਕੀਤਾ ਜਾਵੇ।
ਹਾਊਸਫ਼ਾਦਰ ਦਾ ਆਪਣੇ ਸੋਸ਼ਲ ਮੀਡੀਆ ਇਹ ਬਿਆਨ ਉਸ ਘਟਨਾ ਤੋਂ ਕੁਝ ਦਿਨ ਬਾਅਦ ਸਾਹਮਣੇ ਆਇਆ ਹੈ ਜਿਸ ਵਿੱਚ ਔਟਵਾ ਦੇ ਇੱਕ ਗ੍ਰੋਸਰੀ ਸਟੋਰ ‘ਚ ਦਿਨ ਦਿਹਾੜੇ ਇੱਕ ਯਹੂਦੀ ਔਰਤ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਪੁਲਿਸ ਨੇ ਇਸ ਘਟਨਾ ਨੂੰ ਨਫ਼ਰਤ ਤੋਂ ਪ੍ਰੇਰਿਤ ਘਟਨਾ ਕਰਾਰ ਦਿੱਤਾ ਹੈ।
ਹਮਲੇ ਦੌਰਾਨ ਗੰਭੀਰ ਤੌਰ ‘ਤੇ ਜ਼ਖ਼ਮੀ ਹੋਈ ਔਰਤ ਦੀ ਉਮਰ 70 ਸਾਲ ਦੇ ਲਗਭਗ ਹੈ। ਪੁਲਿਸ ਦੇ ਅਨੁਸਾਰ, 71 ਸਾਲਾ ਜੋਸਫ਼ ਰੂਕ, ਜੋ ਕਿ ਓਨਟੇਰਿਓ ਦੇ ਕਾਰਨਵਾਲ ਤੋਂ ਹੈ, ਨੂੰ ਮੌਕੇ ਤੋਂ ਗਿਰਫ਼ਤਾਰ ਕਰ ਲਿਆ ਗਿਆ। ਉਸ ‘ਤੇ ਹਮਲਾ ਕਰਨ ਅਤੇ ਖ਼ਤਰਨਾਕ ਹਥਿਆਰ ਰੱਖਣ ਦੇ ਦੋਸ਼ ਲਾਏ ਗਏ ਹਨ।
ਐਂਥਨੀ ਹਾਊਸਫ਼ਾਦਰ ਅਤੇ ਹੋਰ ਲਿਬਰਲ ਐਮਪੀਜ਼ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਤਿੰਨ ਸਾਲ ਪਹਿਲਾਂ ਇਹੋ ਜਿਹੀ ਘਟਨਾ ਹੈਰਾਨ ਕਰਨ ਵਾਲੀ ਲੱਗਦੀ। ਪਰ ਅੱਜ ਇਹ ਆਮ ਗੱਲ ਬਣ ਗਈ ਹੈ।
ਉਨ੍ਹਾਂ ਨੇ ਜ਼ਿਕਰ ਕੀਤਾ ਕਿ ਪਿਛਲੇ ਸਮੇਂ ਦੌਰਾਨ ਇਬਾਦਤਗਾਹਾਂ, ਯਹੂਦੀ ਸਕੂਲਾਂ, ਸਮਾਰਕਾਂ, ਕਾਰੋਬਾਰਾਂ ਅਤੇ ਹੁਣ ਤਾਂ ਵਿਅਕਤੀਗਤ ਯਹੂਦੀ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਯਹੂਦੀ ਵਿਰੋਧਵਾਦ ਦੀ ਸੋਚ ਆਮ ਹੋਣਾ ਚਿੰਤਾਜਨਕ ਹੈ।
ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ, 2024 ਵਿੱਚ ਯਹੂਦੀ ਭਾਈਚਾਰੇ ਵਿਰੁੱਧ 920 ਨਫ਼ਰਤ- ਤੋਂ ਰੇਰਿਤ ਮਾਮਲੇ ਪੁਲਿਸ ਕੋਲ ਦਰਜ ਹੋਏ, ਜੋ ਕਿ ਕਿਸੇ ਵੀ ਹੋਰ ਧਾਰਮਿਕ ਭਾਈਚਾਰੇ ਵਿਰੁੱਧ ਦਰਜ ਮਾਮਲਿਆਂ ਤੋਂ ਕਈ ਗੁਣਾ ਵੱਧ ਹਨ। ਇਹ ਗਿਣਤੀ 2022 ਵਿੱਚ ਦਰਜ 527 ਮਾਮਲਿਆਂ ਨਾਲੋਂ ਲਗਭਗ ਦੁੱਗਣੀ ਹੋ ਗਈ ਹੈ।
ਲਿਬਰਲ ਐਮਪੀਜ਼ ਨੇ ਕਿਹਾ ਕਿ ਇਹ ਵਧ ਰਹੀ ਨਫ਼ਰਤ ਸਿਰਫ਼ ਯਹੂਦੀ ਭਾਈਚਾਰੇ ਲਈ ਨਹੀਂ, ਸਗੋਂ ਸਾਰੇ ਕੈਨੇਡੀਅਨਜ਼ ਲਈ ਸਾਵਧਾਨੀ ਦਾ ਸੰਕੇਤ ਹੈ।
ਉਨ੍ਹਾਂ ਕਿਹਾ ਕਿ ਸਰਕਾਰ, ਕਾਨੂੰਨ ਪ੍ਰਣਾਲੀ, ਸਕੂਲਾਂ, ਸਰਕਾਰੀ ਇਦਾਰਿਆਂ ਅਤੇ ਕੰਮਕਾਜ ਦੀਆਂ ਥਾਵਾਂ ’ਚ ਸਾਰਿਆਂ ਨੂੰ ਮਿਲ ਕੇ ਇਹ ਨਫ਼ਰਤ ਰੋਕਣ ਲਈ ਕੰਮ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਮੱਧ ਪੂਰਬ ਵਿਚ ਹੋ ਰਹੇ ਘਟਨਾਕ੍ਰਮਾਂ ਦੀ ਜ਼ਿੰਮੇਵਾਰੀ ਕੈਨੇਡਾ ਦੇ ਯਹੂਦੀ ਭਾਈਚਾਰੇ ‘ਤੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਗ਼ਲਤ ਵੀ ਹੈ ਤੇ ਅਸਵੀਕਾਰਨਯੋਗ ਵੀ।
ਇਸ ਬਿਆਨ ‘ਤੇ ਦਸਤਖ਼ਤ ਕਰਨ ਵਾਲਿਆਂ ਵਿਚ ਆਰਟੀਫੀਸ਼ਲ ਇੰਟੈਲੀਜੈਂਸ ਮੰਤਰੀ ਇਵੈਨ ਸੋਲੋਮਨ, ਵਾਤਾਵਰਨ ਮੰਤਰੀ ਜੂਲੀ ਡੈਬਰੂਜ਼ਿਨ, ਕਰਾਊਨ-ਮੂਲਨਿਵਾਸੀ ਸਬੰਧ ਮੰਤਰੀ ਰਿਬੈਕਾ ਐਲਟੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸੰਸਦੀ ਸਕੱਤਰ ਰੇਚਲ ਬੈਂਡੇਯਨ ਸ਼ਾਮਲ ਹਨ।
ਇਬਾਦਤਗਾਹਾਂ, ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ਦੀ ਸੁਰੱਖਿਆ
ਲਿਬਰਲ ਐਮਪੀਜ਼ ਨੇ ਆਪਣੇ ਬਿਆਨ ਵਿੱਚ ਉਨ੍ਹਾਂ ਵਾਅਦਿਆਂ ਦੀ ਵੀ ਪੁਸ਼ਟੀ ਕੀਤੀ ਜੋ 2025 ਦੇ ਫ਼ੈਡਰਲ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਮਾਰਕ ਕਾਰਨੀ ਨੇ ਇਸ ਗੱਲ ਦਾ ਵਾਅਦਾ ਕੀਤਾ ਹੈ ਕਿ ਉਹ ਇਸ ਸਤੰਬਰ ਦੇ ਪਾਰਲੀਮੈਂਟਰੀ ਸੈਸ਼ਨ ਦੌਰਾਨ ਕ੍ਰਿਮਿਨਲ ਕੋਡ ਵਿੱਚ ਤਬਦੀਲੀ ਲੈ ਕੇ ਆਉਣਗੇ, ਜਿਸ ਰਾਹੀਂ ਇਬਾਦਤਗਾਹਾਂ, ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ਵਰਗੀਆਂ ਥਾਵਾਂ ਦੇ ਬਾਹਰ ਡਰਾਉਣ ਜਾਂ ਧਮਕਾਉਣ ਵਾਲੀਆਂ ਕਾਰਵਾਈਆਂ ਨੂੰ ਅਪਰਾਧ ਐਲਾਨਿਆ ਜਾਵੇਗਾ।
ਲਿਬਰਲ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਕੈਨੇਡਾ ਕਮਿਊਨਿਟੀ ਸਿਕਿਓਰਟੀ ਪ੍ਰੋਗਰਾਮ ਦੀ ਸਾਲਾਨਾ ਫੰਡਿੰਗ ਵਿੱਚ ਵਾਧਾ ਕੀਤਾ ਜਾਵੇਗਾ, ਤਾਂ ਜੋ ਹਾਸ਼ੀਆਗਤ ਭਾਈਚਾਰੇ ਅਤੇ ਇਬਾਦਤ ਦੀਆਂ ਥਾਵਾਂ ਦੀ ਬਿਹਤਰ ਰੱਖਿਆ ਹੋ ਸਕੇ।
ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਕਾਰਨੀ ਨੇ ਔਟਵਾ ‘ਚ ਹੋਈ ਹਮਲੇ ਦੀ ਘਟਨਾ ਨੂੰ ਬਹੁਤ ਹੀ ਦਿਲ ਝੰਜੋੜਣ ਵਾਲੀ ਦੱਸਿਆ ਅਤੇ ਕੈਨੇਡਾ ਦੇ ਯਹੂਦੀ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਹਾਂ। ਅਸੀਂ ਤੁਹਾਡੀ ਸੁਰੱਖਿਆ ਲਈ ਨਫ਼ਰਤ ਅਤੇ ਯਹੂਦੀ ਵਿਰੋਧਵਾਦ ਦੇ ਹਰ ਰੂਪ ਦਾ ਵਿਰੋਧ ਕਰਾਂਗੇ।
