ਗੁਰਪ੍ਰੀਤ ਸਿੰਘ :- ਲੁਧਿਆਣਾ ਦੇ ਮਾਧੋਪੁਰੀ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਵੀਰਵਾਰ ਦੇਰ ਰਾਤ ਨੂੰ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਅਪਰਾਧੀਆਂ ਨੇ ਇੱਕ ਮੋਬਾਈਲ ਫੋਨ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਲੁੱਟ-ਖੋਹ ਦੌਰਾਨ ਅਪਰਾਧੀਆਂ ਨੇ ਗੋਲੀਬਾਰੀ ਕੀਤੀ ਅਤੇ ਦਖਲ ਦੇਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਗੁਆਂਢੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ।
Advertisement
ਰਿਪੋਰਟਾਂ ਅਨੁਸਾਰ ਮੁਹੰਮਦ ਆਲਮ ਆਪਣੀ ਦੁਕਾਨ ‘ਸਾਹਿਲ ਟੈਲੀਕਾਮ’ ‘ਤੇ ਇਕੱਲਾ ਸੀ, ਜਦੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦੋ ਨਕਾਬਪੋਸ਼ ਵਿਅਕਤੀ ਉੱਥੇ ਪਹੁੰਚੇ। ਲੁਟੇਰੇ ਦੁਕਾਨ ਅੰਦਰ ਦਾਖਲ ਹੋਏ ਅਤੇ ਲੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਤਾਂ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ, ਜੋ ਅੰਜਾਰ ਆਲਮ ਦੇ ਸੱਜੇ ਹੱਥ ‘ਤੇ ਲੱਗੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਨੇੜੇ ਦੀ ਕਰਿਆਨਾ ਦੁਕਾਨ ਦਾ ਮਾਲਕ ਨਿੱਕੂ ਤੁਰੰਤ ਮਦਦ ਲਈ ਮੌਕੇ ‘ਤੇ ਪਹੁੰਚਿਆ। ਆਪਣੇ ਆਪ ਨੂੰ ਘਿਰਿਆ ਹੋਇਆ ਦੇਖ ਕੇ ਲੁਟੇਰਿਆਂ ਨੇ ਨਿੱਕੂ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ ‘ਤੇ ਡਿੱਗ ਪਿਆ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
