ਮਹਾਂਕੁੰਭ: ਸੰਗਮ ਵਿੱਚ ਗੰਗਾ ਦਾ ਪਾਣੀ ਨਹਾਉਣ ਯੋਗ ਨਹੀਂ

ਨੈਸ਼ਨਲ ਟਾਈਮਜ਼ ਬਿਊਰੋ :- ਸਰਕਾਰੀ ਅੰਕੜਿਆਂ ਅਨੁਸਾਰ ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ਵਿੱਚ ਗੰਗਾ ਦਾ ਪਾਣੀ ਇਸ ਵੇਲੇ ਨਹਾਉਣ ਯੋਗ ਨਹੀਂ ਹੈ। ਇਸ ਵਿੱਚ ਬੀਓਡੀ (ਬਾਇਓਲੋਜੀਕਲ ਆਕਸੀਜਨ ਡਿਮਾਂਡ) ਦਾ ਪੱਧਰ ਲੋੜ ਤੋਂ ਵੱਧ ਹੈ।

ਮਹਾਂਕੁੰਭ ਦੌਰਾਨ ਲੱਖਾਂ ਲੋਕ ਹਰ ਰੋਜ਼ ਸੰਗਮ ਵਿੱਚ ਡੁਬਕੀ ਲਾ ਰਹੇ ਹਨ। ਪਾਣੀ ਦੀ ਗੁਣਵੱਤਾ ਨਿਰਧਾਰਤ ਕਰਨ ਲਈ ਬੀਓਡੀ ਅਹਿਮ ਮਹੱਤਵਪੂਰਨ ਮਾਪਦੰਡ ਹੈ। ਬੀਓਡੀ ਪਾਣੀ ਵਿੱਚ ਜੈਵਿਕ ਪਦਾਰਥ ਤੋੜਨ ਲਈ ਐਰੋਬਿਕ ਸੂਖਮ ਜੀਵਾਂ ਨੂੰ ਲੋੜੀਂਦੀ ਆਕਸੀਜਨ ਦੀ ਮਾਤਰਾ ਹੈ। ਬੀਓਡੀ ਦਾ ਉੱਚ ਪੱਧਰ ਪਾਣੀ ਵਿੱਚ ਵਧੇਰੇ ਜੈਵਿਕ ਸਮੱਗਰੀ ਨੂੰ ਦਰਸਾਉਂਦਾ ਹੈ। ਜੇ ਬੀਓਡੀ ਦਾ ਪੱਧਰ 3 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਘੱਟ ਹੈ ਤਾਂ ਪਾਣੀ ਨਹਾਉਣ ਲਈ ਢੁਕਵਾਂ ਮੰਨਿਆ ਜਾਂਦਾ ਹੈ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਸੰਗਮ ਵਿਚਲੇ ਪਾਣੀ ਦਾ ਬੀਓਡੀ ਪੱਧਰ ਇਸ ਤੋਂ ਵੱਧ ਹੈ।

16 ਜਨਵਰੀ ਨੂੰ ਸਵੇਰੇ 5 ਵਜੇ ਸੰਗਮ ਵਿੱਚ ਬੀਓਡੀ ਪੱਧਰ 5.09 ਮਿਲੀਗ੍ਰਾਮ ਪ੍ਰਤੀ ਲਿਟਰ ਸੀ ਅਤੇ ਅੱਜ ਸਵੇਰੇ 8 ਵਜੇ ਇਹ 5.29 ਮਿਲੀਗ੍ਰਾਮ ਪ੍ਰਤੀ ਲਿਟਰ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ 13 ਜਨਵਰੀ ਨੂੰ ਜਦੋਂ ਮਹਾਂਕੁੰਭ ਸ਼ੁਰੂ ਹੋਇਆ ਸੀ ਤਾਂ ਸੰਗਮ ਵਿੱਚ ਇਹ ਪੱਧਰ 3.94 ਮਿਲੀਗ੍ਰਾਮ ਪ੍ਰਤੀ ਲਿਟਰ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੀ ਸੰਗਮ ਦਾ ਪਾਣੀ ਦੂਸ਼ਿਤ ਹੋਣ ਦਾ ਦੋਸ਼ ਲਾ ਚੁੱਕੇ ਹਨ। ਇਸ ਦੌਰਾਨ ਭਾਰਤ, ਭੂਟਾਨ, ਮਾਲਦੀਵ ਅਤੇ ਸ੍ਰੀਲੰਕਾ ਲਈ ਯੂਨੈਸਕੋ ਦੇ ਨਿਰਦੇਸ਼ਕ ਟਿਮ ਕਰਟਿਸ ਨੇ ਅੱਜ ਇੱਥੇ ਸੰਗਮ ਵਿੱਚ ਇਸ਼ਨਾਨ ਕੀਤਾ। ਇਸ ਦੌਰਾਨ ਉਨ੍ਹਾਂ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ।

By Gurpreet Singh

Leave a Reply

Your email address will not be published. Required fields are marked *