ਜਗਰਾਤੇ ’ਚ ਹੋਏ ਝਗੜੇ ਦੌਰਾਨ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ’ਚ ਮੁੱਖ ਮੁਲਜ਼ਮ ਕਾਬੂ

ਨੈਸ਼ਨਲ ਟਾਈਮਜ਼ ਬਿਊਰੋ :- ਕਸ਼ਿਨਰੇਟ ਪੁਲਸ ਨੇ ਕਤਲ ਮਾਮਲੇ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਮੁੱਖ ਮੁਲਜ਼ਮ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਪੁਲਸ ਟੀਮ ਨੇ ਬਾਰੀਕੀ ਨਾਲ ਜਾਂਚ ਤੋਂ ਬਾਅਦ ਕਤਲ ਦੇ ਇਕ ਪ੍ਰਮੁੱਖ ਮੁਲਜ਼ਮ ਵਿਸ਼ਾਲ ਠਾਕੁਰ ਨਿਵਾਸੀ ਨਿਊ ਮਾਇਆਪੁਰੀ, ਬਸਤੀ ਚੌਕ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ 1 ਪਿਸਤੌਲ (.32 ਬੋਰ, ਕੰਟ੍ਰੀਮੇਡ), 2 ਮੈਗਜ਼ੀਨ, 15 ਜ਼ਿੰਦਾ ਕਾਰਤੂਸ ਅਤੇ ਇਕ ਦੇਸੀ ਕੱਟਾ (.315 ਬੋਰ) ਬਰਾਮਦ ਕੀਤਾ ਹੈ। ਮੁਲਜ਼ਮ ਨੂੰ 23 ਅਕਤੂਬਰ 2025 ਤੱਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ ਅਤੇ ਉਸ ਤੋਂ ਅੱਗੇ ਦੀ ਪੁੱਛਗਿੱਛ ਜਾਰੀ ਹੈ।

ਕਮਿਸ਼ਨਰੇਟ ਪੁਲਸ ਲੁਧਿਆਣਾ ਨੇ ਦੱਸਿਆ ਕਿ ਇਸ ਕਤਲ ’ਚ ਸ਼ਾਮਲ ਮੁਲਜ਼ਮਾਂ ਦੀ ਭਾਲ ਲਗਾਤਾਰ ਜਾਰੀ ਹੈ ਅਤੇ ਜਲਦ ਹੀ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾਵੇਗਾ। ਪੁਲਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕਾਰਵਾਈ ਸੀ. ਪੀ. ਸਵਪਨ ਸ਼ਰਮਾ ਦੇ ਨਿਰਦੇਸ਼ਾਂ ਅਤੇ ਹਰਪਾਲ ਸਿੰਘ ਡੀ. ਸੀ. ਪੀ. (ਇਨਵੈਸਟੀਗੇਸ਼ਨ), ਅਮਨਦੀਪ ਸਿੰਘ ਬਰਾੜ ਏ. ਡੀ. ਸੀ. ਪੀ. (ਇਨਵੈਸਟੀਗੇਸ਼ਨ) ਅਤੇ ਹਰਸ਼ਪ੍ਰੀਤ ਸਿੰਘ ਏ. ਸੀ. ਪੀ. (ਡਿਟੈਕਟਿਵ) ਲੁਧਿਆਣਾ ਦੀ ਦੇਖ-ਰੇਖ ’ਚ ਕੀਤੀ ਗਈ। ਇਸ ਕਾਰਵਾਈ ਦੀ ਅਗਵਾਈ ਇੰਸਪੈਕਟਰ ਅਵਤਾਰ ਸਿੰਘ, ਇੰਚਾਰਜ ਸੀ. ਆਈ. ਏ. ਸਟਾਫ ਅਤੇ ਥਾਣਾ ਮੋਤੀ ਨਗਰ ਦੇ ਮੁਖੀ ਭੁਪਿੰਦਰ ਸਿੰਘ ਨੇ ਕੀਤੀ।

ਇਹ ਹੈ ਮਾਮਲਾ

ਗਾਂਧੀ ਜੈਅੰਤੀ ’ਤੇ ਮੁਹੱਲਾ ਫੌਜੀ ਕਾਲੋਨੀ, ਗਲੀ ਨੰ. 1, ਥਾਣਾ ਮੋਤੀ ਨਗਰ ਇਲਾਕੇ ’ਚ ਜਗਰਾਤੇ ਦੌਰਾਨ ਕੁਝ ਵਿਅਕਤੀਆਂ ’ਚ ਝਗੜਾ ਹੋਇਆ ਸੀ, ਜਿਸ ਵਿਚ ਗੋਲੀਬਾਰੀ ਵੀ ਹੋਈ। ਇਸ ਘਟਨਾ ਵਿਚ ਮੋਨੂ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਸਬੰਧੀ ਥਾਣਾ ਮੋਤੀ ਨਗਰ ਵਿਚ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ 18 ਅਕਤੂਬਰ ਨੂੰ ਮ੍ਰਿਤਕ ਨੌਜਵਾਨ ਦੇ ਪਿਤਾ ਰਾਮਜੀ ਪ੍ਰਸਾਦ ਦੇ ਬਿਆਨਾਂ ਦੇ ਆਧਾਰ ’ਤੇ ਵਿਸ਼ਾਲ ਠਾਕੁਰ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਮੁਕੱਦਮੇ ਵਿਚ ਧਾਰਾ 61(2) ਬੀ. ਐੱਨ. ਐੱਸ. ਜੋੜੀ ਗਈ ਸੀ।

By Gurpreet Singh

Leave a Reply

Your email address will not be published. Required fields are marked *