ਚੰਡੀਗੜ੍ਹ ਏਅਰਪੋਰਟ ‘ਤੇ ਵੱਡਾ ਹਾਦਸਾ ਟਲਿਆ: ਇੰਡੀਗੋ ਫਲਾਈਟ ‘ਚ ਪਾਵਰਬੈਂਕ ਫਟਿਆ, ਜਹਾਜ਼ ‘ਚ ਫੈਲਿਆ ਧੂੰਆਂ

ਚੰਡੀਗੜ੍ਹ, 5 ਮਈ (ਗੁਰਪ੍ਰੀਤ ਸਿੰਘ) : ਚੰਡੀਗੜ੍ਹ ਵਿੱਚ ਅੱਜ ਇੱਕ ਵੱਡਾ ਹਾਦਸਾ ਉਸ ਵੇਲੇ ਟਲ ਗਿਆ, ਜਦੋਂ ਹੈਦਰਾਬਾਦ ਤੋਂ ਆ ਰਹੀ IndiGo ਦੀ ਫਲਾਈਟ ਵਿੱਚ ਇੱਕ ਯਾਤਰੀ ਦੇ ਪਾਵਰਬੈਂਕ ਵਿੱਚ ਅਚਾਨਕ ਧਮਾਕਾ ਹੋ ਗਿਆ। ਧਮਾਕੇ ਨਾਲ ਜਹਾਜ਼ ਦੇ ਕੈਬਿਨ ਵਿੱਚ ਧੂੰਆਂ ਫੈਲ ਗਿਆ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਮਿਲੀ ਜਾਣਕਾਰੀ ਮੁਤਾਬਕ IndiGo Flight 6E-108 (ਹੈਦਰਾਬਾਦ ਤੋਂ ਚੰਡੀਗੜ੍ਹ) ਵਿੱਚ ਇਹ ਘਟਨਾ ਉਤਰਦੇ ਸਮੇਂ ਵਾਪਰੀ। ਧਮਾਕੇ ਤੋਂ ਬਾਅਦ ਜਹਾਜ਼ ਵਿੱਚ ਹਲਕੀ ਅੱਗ ਵੀ ਲੱਗ ਗਈ ਸੀ, ਜਿਸਨੂੰ ਕੈਬਿਨ ਕ੍ਰੂ ਨੇ ਫਾਇਰ ਸਿਲੰਡਰਾਂ ਦੀ ਮਦਦ ਨਾਲ ਤੁਰੰਤ ਕਾਬੂ ਕਰ ਲਿਆ।

ਇਸ ਦੌਰਾਨ ਯਾਤਰੀਆਂ ਵਿੱਚ ਹਾਹਾਕਾਰ ਮਚ ਗਿਆ ਅਤੇ ਘਬਰਾਹਟ ਵਿੱਚ ਇੱਕ ਯਾਤਰੀ ਦੇ ਪੈਰ ਵਿੱਚ ਫ੍ਰੈਕਚਰ ਵੀ ਆ ਗਿਆ। ਐਮਰਜੈਂਸੀ ਐਗਜ਼ਿਟ ਖੋਲ੍ਹਣ ਵਿੱਚ ਵੀ ਮੁਸ਼ਕਲ ਆਈ, ਪਰ ਬਾਅਦ ਵਿੱਚ ਸਟਾਫ਼ ਨੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਫਲਾਈਟ ਵਿੱਚ ਕੁੱਲ 198 ਯਾਤਰੀ, ਦੋ ਬੱਚੇ ਅਤੇ ਛੇ ਕਰਮਚਾਰੀ ਸਵਾਰ ਸਨ। ਜਹਾਜ਼ ਕਰੀਬ 3:29 ਵਜੇ ਸੁਰੱਖਿਅਤ ਤੌਰ ‘ਤੇ ਚੰਡੀਗੜ੍ਹ ਏਅਰਪੋਰਟ ‘ਤੇ ਉਤਰਾ। ਸੀਟ ਨੰਬਰ 39C ‘ਤੇ ਬੈਠੇ ਇੱਕ ਯਾਤਰੀ ਨੇ ਕ੍ਰੂ ਨੂੰ ਪਾਵਰਬੈਂਕ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ।

ਉਧਰ, IndiGo ਨੇ ਵੀ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਾਵਰਬੈਂਕ ਵਿੱਚ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ, ਪਰ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਸਥਿਤੀ ਨੂੰ ਸਮੇਂ ‘ਤੇ ਕਾਬੂ ਕਰ ਲਿਆ ਗਿਆ।

ਫਿਲਹਾਲ, ਇਸ ਘਟਨਾ ਤੋਂ ਬਾਅਦ ਹਵਾਈ ਸੁਰੱਖਿਆ ਨੂੰ ਲੈ ਕੇ ਸਵਾਲ ਜ਼ਰੂਰ ਖੜੇ ਹੋ ਰਹੇ ਹਨ।

By Gurpreet Singh

Leave a Reply

Your email address will not be published. Required fields are marked *