ਨੈਸ਼ਨਲ ਟਾਈਮਜ਼ ਬਿਊਰੋ :- ਕੋਟ ਇਸੇ ਖਾਂ ਦੇ ਮੋਗਾ ਰੋਡ ਵਿਖੇ ਇਕ ਮੋਟਰਸਾਈਕਲ ਸਵਾਰ ਦੀ ਦੋ ਗੱਡੀਆਂ ਵਿਚਾਲੇ ਆਉਣ ਕਾਰਨ ਦਰਦਨਾਕ ਮੌਤ ਹੋ ਗਈ ਮ੍ਰਿਤਕ ਦੀ ਪਹਿਚਾਣ ਨਿਰਮਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਧਰਮਕੋਟ ਰੋਡ ਕੋਟ ਇਸੇ ਖਾਂ ਵਜੋਂ ਹੋਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਿਰਮਲ ਸਿੰਘ ਹਰ ਰੋਜ਼ ਦੀ ਤਰ੍ਹਾਂ ਕੰਮ ‘ਤੇ ਜਾਣ ਲਈ ਕੋਟੀ ਇਸੇ ਖਾਂ ਤੋਂ ਮੋਗਾ ਜਾ ਰਿਹਾ ਸੀ ਜਦੋਂ ਉਹ ਦਾਣਾ ਮੰਡੀ ਦੇ ਕੋਲ ਲੱਗੇ ਕੰਡੇ ਦੇ ਨਜ਼ਦੀਕ ਪਹੁੰਚਿਆ ਤਾਂ ਕੰਡੇ ਤੋਂ ਇਕ ਕੈਂਟਰ ਰੋਡ ‘ਤੇ ਚੜ੍ਹ ਰਿਹਾ ਸੀ ਜਿਸ ਨੂੰ ਦੇਖ ਕੇ ਉਸ ਨੇ ਆਪਣਾ ਮੋਟਰਸਾਈਕਲ ਰੋਕ ਲਿਆ ਤੇ ਪਿੱਛੋਂ ਆਉਂਦੇ ਇਕ ਘੋੜੇ ਟਰੱਕ ਨੇ ਉਸ ਨੂੰ ਦੋਵਾਂ ਗੱਡੀਆਂ ਦੇ ਵਿਚਾਲੇ ਬੜੀ ਬੇਰਹਿਮੀ ਨਾਲ ਪੀਸ ਦਿੱਤਾ ਜਿਸ ਕਾਰਨ ਨਿਰਮਲ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ। ਇਹ ਮੰਜ਼ਰ ਇੰਨਾ ਭਿਆਨਕ ਸੀ ਕਿ ਜਿਸ ਨੇ ਵੀ ਹਾਦਸਾ ਉਸ ਦਾ ਦਿਲ ਦਹਿਲ ਗਿਆ।
ਹਾਦਸੇ ਵਿਚ ਟਰੱਕ ਡਰਾਈਵਰ ਦੀਆਂ ਲੱਤਾਂ ਟਰੱਕ ਵਿਚ ਫਸ ਗਈਆਂ ਜਿਸ ਕਾਰਣ ਉਹ ਗੰਭੀਰ ਜ਼ਖਮੀ ਹੋ ਗਿਆ। ਟੱਕਰ ਦੌਰਾਨ ਇਕ ਡਿਜ਼ਾਇਰ ਕਾਰ ਵੀ ਇਸੇ ਗੱਡੀਆਂ ਵਿਚ ਆ ਕੇ ਵੱਜੀ ਜਿਸ ਕਾਰਨ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਅਤੇ ਕਾਰ ਸਵਾਰ ਵੀ ਜ਼ਖਮੀ ਹੋ ਗਏ। ਫਿਲਹਾਲ ਪੁਲਸ ਵੱਲੋਂ ਹਾਦਸੇ ਵਿਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
