ਗੁਰਪ੍ਰੀਤ ਸਿੰਘ :- ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦਾ ਲਕਬ ਤੋੜਨ ਲਈ ਵਿੱਢੀ ਮੁਹਿੰਮ ਤਹਿਤ ਅੱਜ ਮਾਛੀਵਾੜਾ ਦੇ ਇੱਕ ਬਦਨਾਮ ਨਸ਼ਾ ਤਸਕਰ ਜਸਦੇਵ ਸਿੰਘ ਉਰਫ਼ ਜੱਸਾ ਵਿਰੁੱਧ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਪੁਲਿਸ ਨੇ ਜੱਸਾ ਦੀ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਕਰੀਬ 1.27 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਨੂੰ ਅਟੈਚ ਕਰ ਲਿਆ ਹੈ। ਇਸ ਕਾਰਵਾਈ ਨਾਲ ਇਲਾਕੇ ਦੇ ਨਸ਼ਾ ਤਸਕਰਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।
ਆਲੀਸ਼ਾਨ ਕੋਠੀ, ਜ਼ਮੀਨ ਅਤੇ ਨਵੀਂ ਗੱਡੀ ‘ਤੇ ਲੱਗੇ ਸੀਲ ਦੇ ਨੋਟਿਸ
ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਅੱਜ ਜਸਦੇਵ ਸਿੰਘ ਜੱਸਾ ਦੇ ਘਰ ਦਸਤਕ ਦਿੱਤੀ ਅਤੇ ਜਾਇਦਾਦ ਜ਼ਬਤ ਕਰਨ ਦੇ ਨੋਟਿਸ ਚਿਪਕਾਏ। ਜ਼ਬਤ ਕੀਤੀ ਗਈ ਪ੍ਰਾਪਰਟੀ ਵਿੱਚ 11 ਮਰਲੇ ਵਿੱਚ ਬਣੀ ਇੱਕ ਆਲੀਸ਼ਾਨ ਕੋਠੀ, 8 ਕਨਾਲ ਵਾਹੀਯੋਗ ਜ਼ਮੀਨ ਅਤੇ ਇੱਕ ਬਿਲਕੁਲ ਨਵੀਂ ‘ਸਕਾਰਪੀਓ’ ਗੱਡੀ ਸ਼ਾਮਲ ਹੈ। ਪੁਲਿਸ ਅਨੁਸਾਰ ਇਹ ਸਾਰੀ ਜਾਇਦਾਦ ਨਸ਼ਾ ਵੇਚ ਕੇ ਇਕੱਠੀ ਕੀਤੀ ਗਈ ਕਮਾਈ ਨਾਲ ਬਣਾਈ ਗਈ ਸੀ।
5 ਮਾਮਲਿਆਂ ਵਿੱਚ ਨਾਮਜ਼ਦ ਹੈ ਮੁਲਜ਼ਮ ਜਸਦੇਵ ਸਿੰਘ
ਮੀਡੀਆ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਜਸਦੇਵ ਸਿੰਘ ਜੱਸਾ ਵਿਰੁੱਧ ਨਸ਼ਾ ਤਸਕਰੀ ਦੇ ਕੁੱਲ 5 ਮਾਮਲੇ ਦਰਜ ਹਨ। ਐੱਸ.ਐੱਸ.ਪੀ. ਖੰਨਾ ਦਰਪਣ ਆਹਲੂਵਾਲੀਆ ਦੇ ਸਖ਼ਤ ਨਿਰਦੇਸ਼ਾਂ ‘ਤੇ ਮਾਛੀਵਾੜਾ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਲੋਕਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਕੇ ਆਪਣੇ ਮਹਿਲ ਉਸਾਰੇ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
ਪਰਿਵਾਰਕ ਮੈਂਬਰਾਂ ਦੀਆਂ ਜਾਇਦਾਦਾਂ ‘ਤੇ ਵੀ ਪੁਲਿਸ ਦੀ ਨਜ਼ਰ
ਡੀ.ਐੱਸ.ਪੀ. ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਨਸ਼ੇ ਦੀ ਕਮਾਈ ਨਾਲ ਕਿਸੇ ਤਸਕਰ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ‘ਤੇ ਵੀ ਜਾਇਦਾਦ ਬਣਾਈ ਹੈ, ਤਾਂ ਪੁਲਿਸ ਉਸ ਦੀ ਵੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਅਜਿਹੀਆਂ ਪ੍ਰਾਪਰਟੀਆਂ ਨੂੰ ਵੀ ਜ਼ਬਤ ਕੀਤਾ ਜਾਵੇਗਾ। ਉਨ੍ਹਾਂ ਤਸਕਰਾਂ ਨੂੰ ਤਾੜਨਾ ਕੀਤੀ ਕਿ ਉਹ ਨਸ਼ਾ ਵੇਚਣਾ ਬੰਦ ਕਰ ਦੇਣ, ਨਹੀਂ ਤਾਂ ਜੇਲ੍ਹ ਦੇ ਨਾਲ-ਨਾਲ ਉਨ੍ਹਾਂ ਦੀ ਆਰਥਿਕ ਕਮਰ ਵੀ ਤੋੜ ਦਿੱਤੀ ਜਾਵੇਗੀ।
