ਰਾਜੀਵ ਸ਼ਰਮਾ :- ਕੁਵੈਤ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਦੇਰ ਰਾਤ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇੱਕ ਪੰਜਾਬੀ ਨੌਜਵਾਨ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ ਅਤੇ ਜਿਊਂਦਾ ਸੜ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਪੰਜਾਬ ਦੇ ਹਲਕਾ ਮਜੀਠਾ ਅਧੀਨ ਪੈਂਦੇ ਪਿੰਡ ਪੰਧੇਰ ਕਲਾਂ ਦੇ 35 ਸਾਲਾ ਜਗਤਾਰ ਸਿੰਘ ਵਜੋਂ ਹੋਈ ਹੈ। ਨੌਜਵਾਨ ਦੀ ਬੇਵਕਤੀ ਮੌਤ ਦੀ ਖ਼ਬਰ ਜਿਵੇਂ ਹੀ ਉਸ ਦੇ ਜੱਦੀ ਪਿੰਡ ਪਹੁੰਚੀ ਤਾਂ ਸਮੁੱਚੇ ਇਲਾਕੇ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਪਿਛਲੇ ਲਗਭਗ ਪੰਜ ਸਾਲਾਂ ਤੋਂ ਰੋਜ਼ੀ-ਰੋਟੀ ਕਮਾਉਣ ਦੇ ਮਕਸਦ ਨਾਲ ਕੁਵੈਤ ਗਿਆ ਹੋਇਆ ਸੀ। ਉਹ ਆਪਣੇ ਘਰ ਦੇ ਕਮਜ਼ੋਰ ਆਰਥਿਕ ਹਾਲਾਤ ਨੂੰ ਸੁਧਾਰਨ ਅਤੇ ਆਪਣੇ ਦੋ ਮਾਸੂਮ ਬੱਚਿਆਂ ਦੇ ਉੱਜਵਲ ਭਵਿੱਖ ਲਈ ਵਿਦੇਸ਼ ਵਿੱਚ ਦਿਨ-ਰਾਤ ਖ਼ੂਨ-ਪਸੀਨਾ ਵਹਾ ਰਿਹਾ ਸੀ। ਉਹ ਪਰਿਵਾਰ ਦਾ ਇਕੱਲਾ ਕਮਾਊ ਜੀਅ ਸੀ ਅਤੇ ਉਸ ਦੇ ਤੁਰ ਜਾਣ ਨਾਲ ਪਰਿਵਾਰ ਦਾ ਆਰਥਿਕ ਸਹਾਰਾ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ।
ਪਰਿਵਾਰ ਨੇ ਦੱਸਿਆ ਕਿ ਜਗਤਾਰ ਸਿੰਘ ਨੇ ਬਹੁਤ ਜਲਦ ਛੁੱਟੀ ਲੈ ਕੇ ਵਤਨ ਪਰਤਣਾ ਸੀ ਅਤੇ ਪਰਿਵਾਰ ਬੜੀ ਬੇਸਬਰੀ ਨਾਲ ਉਸ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ, ਪਰ ਉਸ ਦੇ ਆਉਣ ਤੋਂ ਪਹਿਲਾਂ ਉਸ ਦੀ ਮੌਤ ਦੀ ਦੁਖਦਾਈ ਖ਼ਬਰ ਨੇ ਸਾਰਿਆਂ ਨੂੰ ਝੰਝੋੜ ਕੇ ਰੱਖ ਦਿੱਤਾ।
ਮ੍ਰਿਤਕ ਦੇ ਸਹੁਰੇ ਪਰਿਵਾਰ ਨਾਲ ਸਬੰਧਤ ਸਤਪਾਲ ਸਿੰਘ ਨੇ ਦਰਦਨਾਕ ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਜਗਤਾਰ ਸਿੰਘ ਕੁਵੈਤ ਵਿਖੇ ਇੱਕ ਚਾਰ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਰਹਿ ਰਿਹਾ ਸੀ। ਦੇਰ ਰਾਤ ਕਰੀਬ ਇੱਕ ਵਜੇ ਇਮਾਰਤ ਅੰਦਰ ਅਚਾਨਕ ਅੱਗ ਭੜਕ ਉੱਠੀ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਜਗਤਾਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਫ਼ੌਰੀ ਤੌਰ ‘ਤੇ ਉੱਥੇ ਸੁੱਤੇ ਪਏ ਹੋਰ ਨੌਜਵਾਨਾਂ ਨੂੰ ਜਗਾਇਆ ਅਤੇ ਉਨ੍ਹਾਂ ਨੂੰ ਖ਼ਤਰੇ ਬਾਰੇ ਸੁਚੇਤ ਕੀਤਾ।
ਜਗਤਾਰ ਸਿੰਘ ਨੇ ਪਹਿਲਾਂ ਆਪਣਾ ਕੁਝ ਜ਼ਰੂਰੀ ਸਾਮਾਨ ਹੇਠਾਂ ਸੁੱਟਿਆ ਅਤੇ ਹੋਰਨਾਂ ਸਾਥੀਆਂ ਨੂੰ ਸੁਰੱਖਿਅਤ ਬਾਹਰ ਨਿਕਲਣ ਵਿੱਚ ਮਦਦ ਕੀਤੀ। ਕਈ ਸਾਥੀ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ, ਪਰ ਕਿਸੇ ਅਤਿ-ਜ਼ਰੂਰੀ ਵਸਤੂ ਜਾਂ ਦਸਤਾਵੇਜ਼ ਦੇ ਪਿੱਛੇ ਰਹਿ ਜਾਣ ਕਾਰਨ ਜਗਤਾਰ ਸਿੰਘ ਦੁਬਾਰਾ ਉੱਪਰ ਚਲਾ ਗਿਆ। ਇਸ ਦੌਰਾਨ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਉਹ ਬਾਹਰ ਨਾ ਆ ਸਕਿਆ ਅਤੇ ਅੰਦਰ ਹੀ ਅੱਗ ਦੀ ਲਪੇਟ ਵਿੱਚ ਆ ਗਿਆ।
ਘਟਨਾ ਸਮੇਂ ਬਿਜਲੀ ਦੀਆਂ ਹਾਈ-ਵੋਲਟੇਜ ਤਾਰਾਂ ਡਿੱਗਣ ਕਾਰਨ ਸਥਿਤੀ ਹੋਰ ਵੀ ਗੰਭੀਰ ਅਤੇ ਭਿਆਨਕ ਹੋ ਗਈ ਸੀ। ਜਗਤਾਰ ਸਿੰਘ ਨੇ ਹੋਰਨਾਂ ਦੀ ਜਾਨ ਬਚਾਉਣ ਲਈ ਮਿਸਾਲੀ ਹਿੰਮਤ ਦਿਖਾਈ, ਪਰ ਖ਼ੁਦ ਅੱਗ ਦਾ ਸ਼ਿਕਾਰ ਹੋ ਗਿਆ। ਗ਼ਰੀਬ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸਰਕਾਰੀ ਪੱਧਰ ‘ਤੇ ਦਖ਼ਲ ਦੇ ਕੇ ਜਗਤਾਰ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਕੁਵੈਤ ਤੋਂ ਪੰਜਾਬ ਲਿਆਂਦਾ ਜਾਵੇ।
ਪਰਿਵਾਰ ਨੇ ਕਿਹਾ ਕਿ ਵਿਦੇਸ਼ ਤੋਂ ਮ੍ਰਿਤਕ ਦੇਹ ਲਿਆਉਣ ਦਾ ਖ਼ਰਚਾ ਚੁੱਕਣ ਦੇ ਉਹ ਸਮਰੱਥ ਨਹੀਂ ਹਨ, ਇਸ ਲਈ ਸਰਕਾਰ ਮਨੁੱਖਤਾ ਦੇ ਆਧਾਰ ‘ਤੇ ਤੁਰੰਤ ਕਦਮ ਚੁੱਕੇ ਤਾਂ ਜੋ ਪਰਿਵਾਰ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕਰ ਸਕੇ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਪਿੰਡ ਵਾਸੀਆਂ ਨੇ ਵੀ ਪ੍ਰਸ਼ਾਸਨ ਅਤੇ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ।
