ਅਕਾਲੀ ਦਲ ਨੂੰ ਵੱਡਾ ਝਟਕਾ, ਤਿੰਨ ਵਾਰ ਦੇ MLA ਰਣਜੀਤ ਸਿੰਘ ਛੱਜਲਵੱਡੀ ‘ਆਪ’ ‘ਚ ਸ਼ਾਮਲ

ਚੰਡੀਗੜ੍ਹ, 19 ਸਤੰਬਰ (ਗੁਰਪ੍ਰੀਤ ਸਿੰਘ) : ਹਲਕਾ ਬਾਬਾ ਬਕਾਲਾ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਉਸ ਵੇਲੇ ਵੱਡੀ ਸਿਆਸੀ ਮਜ਼ਬੂਤੀ ਮਿਲੀ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਾਰ ਵਿਧਾਇਕ ਰਹੇ ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਤਿੰਦਰਜੀਤ ਸਿੰਘ ਛੱਜਲਵੱਡੀ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨੇ ਛੱਜਲਵੱਡੀ ਨੂੰ ਆਪ ਵਿੱਚ ਸ਼ਾਮਿਲ ਕਰਾਇਆ।

ਇਸ ਮੌਕੇ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨੇ ਕਿਹਾ ਕਿ ਛੱਜਲਵੱਡੀ ਪਰਿਵਾਰ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਹਲਕਾ ਬਾਬਾ ਬਕਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਰਟੀ ਕੇਡਰ ਨੂੰ ਨਵੀਂ ਊਰਜਾ ਅਤੇ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸੂਬੇ ਦੇ ਸੂਝਵਾਨ ਆਗੂ ਤੇ ਆਮ ਲੋਕ ਲਗਾਤਾਰ ‘ਆਪ’ ਨਾਲ ਜੁੜ ਰਹੇ ਹਨ, ਅਤੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਆਗੂ ਤੇ ਵਰਕਰ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸਤਿੰਦਰਜੀਤ ਸਿੰਘ ਛੱਜਲਵੱਡੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੌਜੂਦਾ ਹਲਕਾ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਸਨ ਅਤੇ ਉਹ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਜੰਡਿਆਲਾ ਗੁਰੂ ਤੋਂ ਚੋਣ ਵੀ ਲੜ ਚੁੱਕੇ ਹਨ। ਛੱਜਲਵੱਡੀ ਪਰਿਵਾਰ ਦਾ ਹਲਕਾ ਬਾਬਾ ਬਕਾਲਾ ਵਿੱਚ ਲੰਬੇ ਸਮੇਂ ਤੋਂ ਵੱਡਾ ਆਧਾਰ ਹੈ ਅਤੇ ਇਹ ਪਰਿਵਾਰ ਲਗਾਤਾਰ ਇਲਾਕੇ ਦੇ ਲੋਕਾਂ ਨਾਲ ਡਟ ਕੇ ਜੁੜਿਆ ਹੋਇਆ ਹੈ।

ਇਸ ਮੌਕੇ ਆਗੂਆਂ ਨੇ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਵਿੱਚ ਵਿਸ਼ਵਾਸ ਪ੍ਰਗਟਾਉਂਦਿਆਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਅਤੇ ਹਲਕੇ ਦੇ ਵਿਕਾਸ ਲਈ ਦਿਨ-ਰਾਤ ਮਿਹਨਤ ਕਰਨਗੇ।

By Gurpreet Singh

Leave a Reply

Your email address will not be published. Required fields are marked *