ਚੱਕਰਵਾਤ ਅਰਨਬ ਦਾ ਵੱਡਾ ਖ਼ਤਰਾ: ਸੜਕਾਂ ਤੇ ਆਇਆ ਸਮੁੰਦਰ ਦਾ ਪਾਣੀ, ਅਲਰਟ ਜਾਰੀ

ਰਾਜੀਵ ਸ਼ਰਮਾ :- ਦੱਖਣੀ  ਭਾਰਤ ਦੇ ਤੱਟਵਰਤੀ ਇਲਾਕਿਆਂ ਤੇ ਬੇਹੱਦ ਭਿਆਨਕ ਚੱਕਰਵਾਤੀ ਤੂਫ਼ਾਨ ਅਰਨਬ (Cyclone Arnab) ਦਾ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਆਂਧਰਾ ਪ੍ਰਦੇਸ਼ ਰਾਜ ਆਫ਼ਤ ਪ੍ਰਬੰਧਨ ਅਥਾਰਟੀ (APSDMA) ਤੇ ਭਾਰਤੀ ਮੌਸਮ ਵਿਭਾਗ (IMD) ਮੁਤਾਬਕ, ਇਸ ਚੱਕਰਵਾਤ ਦੀ ਰਫ਼ਤਾਰ ਉਮੀਦ ਨਾਲੋਂ ਕਾਫ਼ੀ ਤੇਜ਼ ਹੋ ਗਈ ਹੈ। ਇਸ ਕਾਰਨ ਲੈਂਡਫਾਲ ਦੀ ਪ੍ਰਕਿਰਿਆ ਰਾਤ ਲਗਭਗ 1 ਵੱਜ ਕੇ 20 ਮਿੰਟ ਤੇ ਸ਼ੁਰੂ ਹੋ ਗਈ। ਤੂਫ਼ਾਨ ਦੇ ਬਾਹਰੀ ਘੇਰੇ ਦੀਆਂ ਹਵਾਵਾਂ ਪਹਿਲਾਂ ਹੀ ਤੱਟਵਰਤੀ ਜ਼ਮੀਨ ਨਾਲ ਟਕਰਾ ਚੁੱਕੀਆਂ ਹਨ।

ਮੌਸਮ ਵਿਭਾਗ ਦੇ ਤਾਜ਼ਾ ਅਪਡੇਟ ਮੁਤਾਬਕ, ਅਰਨਬ ਪੁਡੂਚੇਰੀ ਦੇ ਯਾਨਮ ਇਲਾਕੇ ਨੇੜੇ ਕਾਕੀਨਾਡਾ ਤੇ ਨਰਸਾਪੁਰ ਵਿਚਕਾਰ ਆਂਧਰਾ ਪ੍ਰਦੇਸ਼ ਦੇ ਤੱਟ ਨੂੰ ਪਾਰ ਕਰ ਰਿਹਾ ਹੈ। ਇਸ ਦੌਰਾਨ ਤੱਟਵਰਤੀ ਇਲਾਕਿਆਂ ‘ਚ 125 ਤੋਂ 135 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਦੀ ਰਫ਼ਤਾਰ ਵਧ ਕੇ 150 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।

ਸਮੁੰਦਰ ਦਾ ਪਾਣੀ ਪਿੰਡਾਂ ‘ਚ ਵੜਿਆ

ਇਸ ਦੇ ਨਾਲ ਹੀ ਸਮੁੰਦਰ ‘ਚ 1 ਤੋਂ 2 ਮੀਟਰ (ਲਗਭਗ 3 ਤੋਂ 4 ਫੁੱਟ) ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਇਸ ਕਾਰਨ ਯਾਨਮ ਦੇ ਸਾਵਿਤਰੀ ਨਗਰ ਸਮੇਤ ਕਈ ਨੀਵੇਂ ਰਿਹਾਇਸ਼ੀ ਇਲਾਕਿਆਂ ਤੇ ਰਾਹਤ ਕੈਂਪਾਂ ‘ਚ ਸਮੁੰਦਰ ਦਾ ਪਾਣੀ ਦਾਖ਼ਲ ਹੋ ਗਿਆ ਹੈ।

ਪੁਡੂਚੇਰੀ ਦੇ ਮੰਤਰੀ ਮੱਲਾਡੀ ਕ੍ਰਿਸ਼ਨਾ ਰਾਓ ਨੇ ਯਾਨਮ ਦੇ ਸਾਵਿਤਰੀ ਨਗਰ ਦਾ ਦੌਰਾ ਕੀਤਾ। ਚੱਕਰਵਾਤ ਅਰਨਬ ਦੇ ਅਸਰ ਕਾਰਨ ਸਮੁੰਦਰ ਦਾ ਪਾਣੀ ਪਿੰਡ ‘ਚ ਵੜ ਗਿਆ, ਜਿਸ ਨਾਲ ਹੜ੍ਹ ਵਰਗੀ ਸਥਿਤੀ ਬਣ ਗਈ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲਿਆ ਤੇ ਪ੍ਰਭਾਵਿਤ ਵਸਨੀਕਾਂ ਨਾਲ ਗੱਲਬਾਤ ਕੀਤੀ।

ਆਂਧਰਾ ਤੇ ਤਾਮਿਲਨਾਡੂ ‘ਚ ਮੌਸਮ ਦਾ ਕਹਿਰ

ਤੂਫ਼ਾਨ ਦੇ ਅਸਰ ਕਾਰਨ ਆਂਧਰਾ ਪ੍ਰਦੇਸ਼ ਦੇ ਨਾਲ-ਨਾਲ ਤਾਮਿਲਨਾਡੂ ਦੇ ਕਈ ਹਿੱਸਿਆਂ ‘ਚ ਵੀ ਮੌਸਮ ਬੇਹੱਦ ਖ਼ਰਾਬ ਹੋ ਗਿਆ ਹੈ। ਤਾਮਿਲਨਾਡੂ ਦੇ ਐਨੋਰ ਤੱਟ ਤੇ ਚੇਨਈ ‘ਚ ਸਮੁੰਦਰ ਵਿੱਚ ਭਾਰੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ। ਆਂਧਰਾ ਪ੍ਰਦੇਸ਼ ਵਿੱਚ ਲਗਾਤਾਰ ਮੋਹਲੇਧਾਰ ਮੀਂਹ ਪੈ ਰਿਹਾ ਹੈ। 27 ਅਕਤੂਬਰ ਦੀ ਸਵੇਰ ਤੋਂ ਹੀ ਸੂਬੇ ਦੇ 28 ਸਥਾਨਾਂ ਤੇ ਬੇਹੱਦ ਭਾਰੀ ਤੇ 133 ਥਾਵਾਂ ਤੇ ਭਾਰੀ ਮੀਂਹ ਦਰਜ ਕੀਤਾ ਜਾ ਚੁੱਕਾ ਹੈ।

ਮੌਸਮ ਵਿਭਾਗ ਨੇ ਆਂਧਰਾ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਰੈੱਡ ਅਲਰਟ ਜਾਰੀ ਕੀਤਾ ਹੈ। ਸੁਰੱਖਿਆ ਦੇ ਮੱਦੇਨਜ਼ਰ ਵਿਸ਼ਾਖਾਪਟਨਮ, ਵਿਜੇਵਾੜਾ ਤੇ ਰਾਜਮੁੰਦਰੀ ਹਵਾਈ ਅੱਡਿਆਂ ਤੇ ਉਡਾਣਾਂ ਪੂਰੀ ਤਰ੍ਹਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ 90 ਤੋਂ ਵੱਧ ਰੇਲਗੱਡੀਆਂ ਰੱਦ ਕੀਤੀਆਂ ਗਈਆਂ ਹਨ।

90 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ

ਸੰਭਾਵਿਤ ਖ਼ਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਸਰਕਾਰ ਨੇ ਤੱਟਵਰਤੀ ਇਲਾਕਿਆਂ ‘ਚੋਂ ਲਗਭਗ 89 ਹਜ਼ਾਰ ਤੋਂ 90 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਕੇ ਕਰੀਬ 290 ਰਾਹਤ ਕੈਂਪਾਂ ‘ਚ ਠਹਿਰਾਇਆ ਹੈ।

ਪ੍ਰਭਾਵਿਤ ਜ਼ਿਲ੍ਹਿਆਂ ‘ਚ ਸਕੂਲ ਤੇ ਕਾਲਜ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਰਾਹਤ ਤੇ ਬਚਾਅ ਕਾਰਜਾਂ ਲਈ ਕੌਮੀ ਆਫ਼ਤ ਪ੍ਰਤੀਕਿਰਿਆ ਬਲ (NDRF) ਤੇ ਸੂਬਾਈ ਆਫ਼ਤ ਪ੍ਰਤੀਕਿਰਿਆ ਬਲ (SDRF) ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਫ਼ੌਜ ਤੇ ਜਲ ਸੈਨਾ ਨੂੰ ਵੀ ਅਲਰਟ ਤੇ ਰੱਖਿਆ ਗਿਆ ਹੈ।

ਕੇਂਦਰੀ ਮੰਤਰੀ ਰਾਮਮੋਹਨ ਨਾਇਡੂ ਨੇ ਕੀਤੀ ਅਪੀਲ

ਕੇਂਦਰੀ ਮੰਤਰੀ ਰਾਮਮੋਹਨ ਨਾਇਡੂ ਕਿੰਜਰਾਪੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਦੀ ਅਗਵਾਈ ਹੇਠ ਆਂਧਰਾ ਪ੍ਰਦੇਸ਼ ਸਰਕਾਰ ਲੋਕਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।

ਉਨ੍ਹਾਂ ਦੱਸਿਆ ਕਿ ਉਹ ਖ਼ੁਦ ਸ੍ਰੀਕਾਕੁਲਮ ਜ਼ਿਲ੍ਹਾ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ‘ਚ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰ੍ਹਾਂ ਚੌਕਸ ਰਹਿਣ, ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਆਪਣੀ ਸੁਰੱਖਿਆ ਨੂੰ ਪਹਿਲ ਦੇਣ।

ਇਨ੍ਹਾਂ ਸੂਬਿਆਂ ਵਿੱਚ ਵੀ ਭਾਰੀ ਮੀਂਹ ਦਾ ਅਲਰਟ

ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਂਧਰਾ ਪ੍ਰਦੇਸ਼ ਨੂੰ ਪਾਰ ਕਰਨ ਤੋਂ ਬਾਅਦ ਵੀ ਚੱਕਰਵਾਤ ਦਾ ਅਸਰ ਘੱਟ ਨਹੀਂ ਹੋਵੇਗਾ। ਇਸ ਦੇ ਪ੍ਰਭਾਵ ਕਾਰਨ ਓਡੀਸ਼ਾ, ਤੇਲੰਗਾਨਾ, ਛੱਤੀਸਗੜ੍ਹ, ਝਾਰਖੰਡ ਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ‘ਚ 29 ਅਤੇ 30 ਅਕਤੂਬਰ ਨੂੰ ਭਾਰੀ ਮੀਂਹ, ਤੇਜ਼ ਹਵਾਵਾਂ ਤੇ ਗਰਜ-ਚਮਕ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ

By Rajeev Sharma

Leave a Reply

Your email address will not be published. Required fields are marked *