ਪੰਜਾਬੀ ਗਾਇਕ Mankirat Aulakh ਨੂੰ ਬੰਬੀਹਾ ਗੈਂਗ ਵੱਲੋਂ ਮੌਤ ਦੀ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਕੀ ਨਾਲ ਸੰਬੰਧਤ ਇੱਕ ਆਡੀਓ ਕਲਿੱਪ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਫੈਨਜ਼ ਅਤੇ ਇੰਡਸਟਰੀ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ।
ਰਿਪੋਰਟਾਂ ਮੁਤਾਬਕ, ਇਹ ਧਮਕੀ ਗੈਂਗਸਟਰ ਲੱਕੀ ਪਟਿਆਲ ਵੱਲੋਂ ਦਿੱਤੀ ਗਈ ਦੱਸੀ ਜਾ ਰਹੀ ਹੈ, ਜੋ ਬੰਬੀਹਾ ਗਰੁੱਪ ਨਾਲ ਜੁੜਿਆ ਹੋਇਆ ਹੈ। ਵਾਇਰਲ ਆਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗਾਇਕ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਚਾਹੇ ਉਹ ਕਿੰਨੀ ਵੀ ਸੁਰੱਖਿਆ ਰੱਖ ਲਏ, ਉਸਦੀ ਵਾਰੀ ਆਉਣੀ ਹੈ। ਹਾਲਾਂਕਿ ਇਸ ਆਡੀਓ ਦੀ ਅਧਿਕਾਰਿਕ ਤੌਰ ‘ਤੇ ਪੁਸ਼ਟੀ ਨਹੀਂ ਹੋਈ।
ਇਹ ਧਮਕੀ ਚੰਡੀਗੜ੍ਹ ਦੇ ਸੈਕਟਰ-9 ਵਿੱਚ ਹੋਏ ਪ੍ਰਾਪਰਟੀ ਡੀਲਰ ਦੇ ਕਤਲ ਤੋਂ ਬਾਅਦ ਸਾਹਮਣੇ ਆਈ ਹੈ। ਆਡੀਓ ਵਿੱਚ ਉਸ ਕਤਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਗੈਂਗ ਵੱਲੋਂ ਇਸ ਦੀ ਜ਼ਿੰਮੇਵਾਰੀ ਲੈਣ ਦੀ ਗੱਲ ਕਹੀ ਗਈ ਹੈ।
ਗੌਰਤਲਬ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਨਕਿਰਤ ਔਲਖ ਨੂੰ ਧਮਕੀਆਂ ਮਿਲੀਆਂ ਹਨ। ਇਸ ਤੋਂ ਪਹਿਲਾਂ ਵੀ ਉਹ ਵੱਖ-ਵੱਖ ਗੈਂਗਸਟਰ ਗਰੁੱਪਾਂ ਦੇ ਨਿਸ਼ਾਨੇ ‘ਤੇ ਰਹੇ ਹਨ ਅਤੇ ਪੁਲਿਸ ਵੱਲੋਂ ਮਾਮਲਿਆਂ ਦੀ ਜਾਂਚ ਕੀਤੀ ਜਾਂਦੀ ਰਹੀ ਹੈ।
ਇਸ ਮਾਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਸਤਰਕ ਹੋ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਾਇਰਲ ਆਡੀਓ ਕਲਿੱਪ ਕਿੰਨੀ ਹੱਦ ਤੱਕ ਸੱਚੀ ਹੈ ਅਤੇ ਇਸ ਦੇ ਪਿੱਛੇ ਕੌਣ-ਕੌਣ ਸ਼ਾਮਲ ਹੈ।
