ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਪੰਜਾਬੀਆਂ ਦਾ ਧੰਨਵਾਦ

ਚੰਡੀਗੜ੍ਹ (ਗੁਰਪ੍ਰੀਤ ਸਿੰਘ) : ਅਕਾਲੀ ਦਲ “ਵਾਰਿਸ ਪੰਜਾਬ ਦੇ” ਦੇ ਸੀਨੀਅਰ ਆਗੂ ਅਤੇ ਹਲਕਾ ਦਾਖਾ ਤੋਂ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਅੱਜ ਦੇ ਪੰਜਾਬ ਬੰਦ ਦੀ ਕਾਲ ਨੂੰ ਬੇਹੱਦ ਸਫਲ ਬਣਾਉਣ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ। ਸਰਦਾਰ ਇਯਾਲੀ ਨੇ ਕਿਹਾ ਕਿ, ਅੱਜ ਇੱਕ ਵਾਰ ਫਿਰ ਪੰਜਾਬ ਦੇ ਇਨਸਾਫ਼ ਪਸੰਦ ਲੋਕਾਂ ਨੇ ਸਾਬਿਤ ਕਰ ਦਿੱਤਾ ਹੈ ਕਿ, ਜਦੋਂ ਵੀ ਇਨਸਾਫ਼ ਲਈ ਇਕਜੁਟਤਾ ਦਿਖਾਉਣ ਦੀ ਲੋੜ ਪੈਂਦੀ ਹੈ ਤਾਂ ਪੰਜਾਬੀਆਂ ਸਭ ਤੋ ਅੱਗੇ ਹੋ ਕੇ ਲੜਦੇ ਅਤੇ ਖੜ੍ਹਦੇ ਹਨ।

ਸਰਦਾਰ ਇਯਾਲੀ ਨੇ ਕਿਹਾ ਕਿ, ਪਿਛਲੇ ਦੋ ਦਿਨ ਤੋਂ ਪੁਲਿਸ ਵੱਲੋਂ ਇਨਸਾਫ ਦੀ ਮੰਗ ਕਰ ਰਹੇ ਇਨਸਾਫ਼ ਪਸੰਦ ਲੋਕਾਂ ਨੂੰ ਮਾਨਸਾ ਜਾਣ ਤੋਂ ਰੋਕਿਆ ਜਾ ਰਿਹਾ ਹੈ। ਹੁਣ ਤੱਕ ਕਈ ਗਿਰਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਸਰਦਾਰ ਇਯਾਲੀ ਨੇ ਕਿਹਾ ਕਿ, ਜਿੰਨਾ ਜ਼ੋਰ ਪੁਲਿਸ ਇਨਸਾਫ਼ ਪਸੰਦ ਲੋਕਾਂ ਨੂੰ ਗ੍ਰਿਫਤਾਰ ਕਰਨ ਤੇ ਲਗਾ ਰਹੀ ਹੈ, ਜੇਕਰ ਏਨੀ ਸ਼ਿੱਦਤ ਨਾਲ ਡਰੱਗ ਕਾਰਟਿਲ ਵਿੱਚ ਕੰਮ ਕੀਤਾ ਹੁੰਦਾ ਤਾਂ ਅੱਜ ਨਤੀਜੇ ਬਿਹਤਰ ਹੁੰਦੇ। ਸਰਦਾਰ ਇਯਾਲੀ ਨੇ ਕਿਹਾ ਕਿ, ਯੁੱਧ ਨਸ਼ਿਆਂ ਵਿਰੁੱਧ ਸਿਰਫ ਸਿਆਸੀ ਨਾਟਕ ਹੈ, ਜਿਸ ਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ, ਅੱਜ ਵੀ ਪੰਜਾਬ ਵਿੱਚ ਡਰੱਗ ਕਾਰਟਿਲ ਬੇਖੌਫ ਹੋ ਕੇ ਧੰਦਾ ਕਰ ਰਿਹਾ, ਇਸ ਧੰਦੇ ਹੇਠ ਨੌਜਵਾਨਾਂ ਦੀ ਅੱਜ ਜਾਨ ਜਾ ਰਹੀ ਹੈ। ਜਿਸ ਨੇ ਵੀ ਇਸ ਡਰੱਗ ਕਾਰਟਿਲ ਖਿਲਾਫ ਆਵਾਜ ਬੁਲੰਦ ਕੀਤੀ, ਜਾਂ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ (ਪਰਵਿੰਦਰ ਸਿੰਘ ਝੋਟਾ ਹੋਣ ਜਾਂ ਨੇਹਾ ਸ਼ੌਰੀ ਡਰੱਗ ਇੰਸਪੈਕਟਰ ਖਰੜ) ਜਾਂ ਫਿਰ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਪਿਛਲੇ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਨਸ਼ੇ ਖਿਲਾਫ ਆਵਾਜ ਬੁਲੰਦ ਕੀਤੀ ਤਾਂ ਉਸ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ।

ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਪੰਜਾਬ ਸਰਕਾਰ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ, ਅੱਜ ਪੰਜਾਬ ਪੂਰੀ ਤਰਾਂ ਨਾਲ ਪੁਲਿਸ ਰਾਜ ਵਿੱਚ ਤਬਦੀਲ ਹੋ ਚੁੱਕਾ ਹੈ। ਸੂਬੇ ਦੀ ਪੁਲਿਸ ਸੱਤਾਧਾਰੀ ਪਾਰਟੀ ਦੇ ਵਿੰਗ ਵਜੋ ਕੰਮ ਕਰ ਰਹੀ ਹੈ। ਸਰਦਾਰ ਇਯਾਲੀ ਨੇ ਕਿਹਾ ਕਿ ਅੱਜ ਸੂਬਾ ਆਮ ਆਦਮੀ ਪਾਰਟੀ ਦੀ ਸਰਕਾਰ ਪੁਲਿਸ ਬਲ ਦੇ ਜਰੀਏ ਲੋਕਾਂ ਦੀ ਅਵਾਜ ਦਬਾਉਣ ਵਿੱਚ ਲੱਗੀ ਹੋਈ ਹੈ।

ਸਰਦਾਰ ਇਯਾਲੀ ਨੇ ਸਪਸ਼ਟ ਕੀਤਾ ਕਿ ਮਰਹੂਮ ਪਰਵਿੰਦਰ ਸਿੰਘ ਝੋਟਾ ਦੀ ਨਸ਼ੇ ਖਿਲਾਫ ਦਿੱਤੀ ਕੁਰਬਾਨੀ ਨੂੰ ਪੰਜਾਬ ਕਦੇ ਨਹੀਂ ਭੁਲਾ ਸਕਦਾ। ਦੂਜਿਆਂ ਦੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਲਈ ਆਪਣੇ ਬੱਚਿਆਂ ਦੇ ਭਵਿੱਖ ਦੀ ਪ੍ਰਵਾਹ ਨਾ ਕਰਨ ਵਾਲੇ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਅੱਜ ਪੰਜਾਬ ਪੂਰੀ ਤਰਾਂ ਇਕਜੁੱਟਤਾ ਨਾਲ ਖੜ੍ਹਾ ਹੈ। ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਲੜਾਈ ਨੂੰ ਅੰਜਾਮ ਤੱਕ ਲੈਕੇ ਜਾਇਆ ਜਾਵੇਗਾ। ਸਰਦਾਰ ਇਯਾਲੀ ਨੇ ਕਿਹਾ ਕਿ, ਅਕਾਲੀ ਦਲ ਵਾਰਿਸ ਪੰਜਾਬ ਦੇ ਪੂਰੀ ਤਰਾਂ ਡਟ ਕੇ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਖੜੀ ਹੈ।

By Gurpreet Singh

Leave a Reply

Your email address will not be published. Required fields are marked *