ਨੈਸ਼ਨਲ ਟਾਈਮਜ਼ ਬਿਊਰੋ :- ਇੱਕ ਸਿੱਖ ਸੰਸਥਾ ਦਾ ਕਹਿਣਾ ਹੈ ਕਿ ਦਰਜਨ ਤੋਂ ਵੱਧ ਕੈਨੇਡੀਅਨ ਸਿੱਖ ਅਜੇ ਵੀ ਜਾਨ ਦੇ ਸਰਗਰਮ ਖ਼ਤਰੇ ਹੇਠ ਜੀਅ ਰਹੇ ਹਨ।
ਵਰਲਡ ਸਿੱਖ ਔਰਗੇਨਾਈਜ਼ੇਸ਼ਨ (WSO) ਦੇ ਬੁਲਾਰੇ ਅਤੇ ਵਕੀਲ, ਬਲਪ੍ਰੀਤ ਸਿੰਘ ਨੇ ਕਿਹਾ, ਉਹ ਧਮਕੀਆਂ ਭਾਰਤ ਵੱਲੋਂ ਆਉਂਦੀਆਂ ਹਨ
।
ਇਸ ਸੰਸਥਾ ਦਾ ਕਹਿਣਾ ਹੈ ਕਿ ਫ਼ੈਡਰਲ ਸਰਕਾਰ ਵੱਲੋਂ ਜੀ-7 ਸੰਮੇਲਨ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਣ ਦਾ ਫ਼ੈਸਲਾ ਉਨ੍ਹਾਂ ਦੀ ਸਮਝ ਤੋਂ ਪਰਾਂ ਹੈ।
ਬਲਪ੍ਰੀਤ ਨੇ ਵੀਰਵਾਰ ਨੂੰ ਪਾਰਲੀਮੈਂਟ ਹਿੱਲ ਵਿੱਖੇ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਭਾਰਤ ਖ਼ਿਲਾਫ਼ ਕਈ ਕਾਰਵਾਈਆਂ ਦੀ ਮੰਗ ਕੀਤੀ। ਇਸ ਕਾਨਫ਼੍ਰੰਸ ਵਿਚ ਉਹਨਾਂ ਨਾਲ ਸਿੱਖ ਫ਼ੈਡਰੇਸ਼ਨ (ਕੈਨੇਡਾ) ਦੇ ਬੁਲਾਰੇ ਮੋਨਿੰਦਰ ਸਿੰਘ ਵੀ ਮੌਜੂਦ ਸਨ।
ਮੋਨਿੰਦਰ ਸਿੰਘ, ਜੋ ਦੋ ਬੱਚਿਆਂ ਦੇ ਪਿਤਾ ਹਨ, ਨੇ ਕਿਹਾ ਕਿ ਉਹਨਾਂ ਨੂੰ ਪਿਛਲੇ ਕੁਝ ਸਾਲਾਂ ਵਿੱਚ ਲਗਭਗ ਛੇ ਵਾਰ ਪੁਲਿਸ ਏਜੰਸੀ ਵਲੋਂ ਜ਼ਿੰਦਗੀ ਨੂੰ ਖ਼ਤਰੇ ਬਾਰੇ ਚੇਤਾਵਨੀ ਮਿਲੀ ਹੈ।
ਮੋਨਿੰਦਰ ਸਿੰਘ ਨੇ ਕਿਹਾ ਕਿ ਇੱਕ ਵਾਰੀ ਤਾਂ ਉਹ ਮਹੀਨਿਆਂ ਤੱਕ ਆਪਣੇ ਘਰ ਤੋਂ ਬਾਹਰ ਰਹੇ ਸਨ ਅਤੇ ਬੱਚਿਆਂ ਦੀ ਸੁਰੱਖਿਆ ਲਈ ਆਰਸੀਐਮਪੀ ਨਾਲ ਸੰਪਰਕ ਕੀਤਾ ਸੀ।
ਮੋਨਿੰਦਰ ਨੇ ਕਿਹਾ, ਤੁਹਾਨੂੰ ਸਦਾ ਸਾਵਧਾਨ ਰਹਿਣਾ ਪੈਂਦਾ ਹੈ, ਹਮੇਸ਼ਾ ਆਪਣੀ ਪਿੱਛੇ ਦੇਖਦੇ ਰਹਿਣਾ ਪੈਂਦਾ ਹੈ। ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕਿਸੇ ਬਹੁਤ ਜ਼ਿਆਦਾ ਜਨਤਕ ਜਗ੍ਹਾ ‘ਤੇ ਨਾ ਹੋਵੋ, ਜਿੱਥੇ ਹੋਰ ਲੋਕਾਂ ਨੂੰ ਨੁਕਸਾਨ ਹੋ ਸਕਦਾ ਹੈ
।
ਤੁਸੀਂ ਆਪਣੇ ਬੱਚੇ ਦੇ ਸਕੂਲ ਨਹੀਂ ਜਾ ਸਕਦੇ, ਉਹਨਾਂ ਦੀ ਪ੍ਰੈਕਟਿਸ ਵਿੱਚ ਨਹੀਂ ਜਾ ਸਕਦੇ, ਪਰਿਵਾਰਕ ਇਵੈਂਟਸ ਤੋਂ ਵੀ ਬਚਦੇ ਹੋ। ਤੁਸੀਂ ਵਿਆਹਾਂ ਤੋਂ, ਪਰਿਵਾਰਕ ਇਕੱਠਾਂ ਤੋਂ ਦੂਰ ਰਹਿੰਦੇ ਹੋ
।
ਦੋਨੋ ਸਿੱਖ ਆਗੂਆਂ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਨੂੰ ਨਾ ਸਿਰਫ ਮੋਦੀ ਦਾ ਸੱਦਾ ਰੱਦ ਕਰਨਾ ਚਾਹੀਦਾ ਹੈ, ਬਲਕਿ ਭਾਰਤ ਦੀ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਕੈਨੇਡੀਅਨ ਨਾਗਰਿਕਾਂ ਦੇ ਘਾਣ ਦੇ ਖਿਲਾਫ ਇੱਕ ਜਨਤਕ ਜਾਂਚ ਵੀ ਸ਼ੁਰੂ ਕਰਨੀ ਚਾਹੀਦੀ ਹੈ, ਅਤੇ ਦੋਹਾਂ ਦੇਸ਼ਾਂ ਵਿੱਚ ਗੁਪਤ-ਸੂਚਨਾ ਸਾਂਝੇਦਾਰੀ ਸਮਝੌਤੇ ਨੂੰ ਰੱਦ ਕਰਨਾ ਚਾਹੀਦਾ ਹੈ।ਵੀਰਵਾਰ ਨੂੰ ਗਲੋਬਲ ਨਿਊਜ਼ ਨੇ ਗੁਪਤ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਕੀਤਾ ਕਿ ਪਿਛਲੇ ਸਾਲ 2023 ਵਿੱਚ ਸਾਬਕਾ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਇੱਕ ਸ਼ੱਕੀ ਭਾਰਤੀ ਸਰਕਾਰੀ ਏਜੰਟ ਵਲੋਂ ਟਾਰਗੇਟ ਕੀਤਾ ਗਿਆ ਸੀ, ਜਿਸ ਕਰਕੇ ਜਗਮੀਤ ਨੂੰ ਪੁਲਿਸ ਸੁਰੱਖਿਆ ਦਿੱਤੀ ਗਈ ਸੀ। ਰਿਪੋਰਟ ਦੇ ਅਨੁਸਾਰ ਪੁਲਿਸ ਹੁਣ ਇਹ ਮੰਨਦੀ ਹੈ ਕਿ ਜਗਮੀਤ ਨੂੰ ਤੁਰੰਤ ਖ਼ਤਰਾ ਨਹੀਂ ਹੈ।
ਕਾਨਫ਼੍ਰੰਸ ਵਿੱਚ, ਮੋਨਿੰਦਰ ਸਿੰਘ ਨੇ ਕਿਹਾ ਕਿ ਭਾਰਤ ਨਾਲ ਇੰਟੈਲੀਜੈਂਸ-ਸ਼ੇਅਰਿੰਗ ਖ਼ਤਮ ਕਰਨ ਨਾਲ ਭਾਰਤ ਲਈ ਐਨਡੀਪੀ ਲੀਡਰ ਅਤੇ ਸਿੱਖ ਕਾਰਕੁਨਾਂ ਦੀ ਨਿਗਰਾਨੀ ਮੁਸ਼ਕਲ ਹੋ ਜਾਵੇਗੀ।
ਬਲਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਸੁਣਿਆ ਹੈ ਕਿ ਸਾਬਕਾ ਐਨਡੀਪੀ ਲੀਡਰ ਨੂੰ ਹੁਣ ਪੁਲਿਸ ਸੁਰੱਖਿਆ ਨਹੀਂ ਮਿਲਦੀ, ਜੋ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਗ਼ਲਤੀ ਹੈ।
ਸੀਬੀਸੀ ਨਿਊਜ਼ ਨੇ ਫੈਡਰਲ ਪਬਲਿਕ ਸੇਫਟੀ ਵਿਭਾਗ ਅਤੇ ਆਰਸੀਐਮਪੀ ਨੂੰ ਸਵਾਲ ਭੇਜੇ ਹਨ ਕਿ ਕਿਹੜੇ ਸਿੱਖ ਟਾਰਗੇਟ ਕੀਤੇ ਗਏ ਹਨ, ਜਿਸ ਵਿੱਚ ਜਗਮੀਤ ਸਿੰਘ ਵੀ ਸ਼ਾਮਲ ਹਨ।
ਸਰਕਾਰੀ ਵਿਭਾਗ ਨੇ ਸਵਾਲ ਅੱਗੇ ਆਰਸੀਐਮਪੀ ਨੂੰ ਪੁੱਛਣ ਲਈ ਕਿਹਾ, ਜਿਨ੍ਹਾਂ ਨੇ ਹੁਣ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ।
ਐਨਡੀਪੀ ਦੀ ਵਿਦੇਸ਼ ਮਾਮਲਿਆਂ ਲਈ ਕ੍ਰਿਟਿਕ ਹੈਦਰ ਮੈਕਫ਼ਰਸਨ ਨੇ ਕਿਹਾ, ਕਿਸੇ ਕੈਨੇਡੀਅਨ ਸਿਆਸੀ ਪਾਰਟੀ ਦੇ ਲੀਡਰ ਨੂੰ ਨਿਸ਼ਾਨਾ ਬਣਾਉਣਾ, ਇਹ ਮੇਰੇ ਵਿਚਾਰ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਸਪਸ਼ਟ ਸੰਕੇਤ ਹੈ
।
ਇਹ ਪਤਾ ਲੱਗਣਾ ਕਿ ਮਿਸਟਰ ਸਿੰਘ ਨੂੰ ਹੁਣ ਕੋਈ ਸੁਰੱਖਿਆ ਨਹੀਂ ਮਿਲ ਰਹੀ, ਜਦੋਂ ਕਿ ਉਨ੍ਹਾਂ ਦੇ ਖਿਲਾਫ ਖ਼ਤਰਾ ਬਹੁਤ ਅਸਲ ਹੈ, ਕਾਫ਼ੀ ਭਿਆਨਕ ਹੈ
।
ਕੰਜ਼ਰਵੇਟਿਵ ਪਾਰਟੀ ਦੇ ਅੰਤਰਿਮ ਲੀਡਰ, ਐਂਡਰੂ ਸ਼ੀਅਰ ਨੇ ਕਿਹਾ, ਸਾਰੇ ਕੈਨੇਡੀਅਨਜ਼ ਨੂੰ ਸੁਰੱਖਿਅਤ ਮਹਿਸੂਸ ਕਰਨ ਦਾ ਹੱਕ ਹੈ
।
ਸ਼ੀਅਰ ਨੇ ਕਿਹਾ ਕਿ ਕਿਸੇ ਨਾਮਵਰ ਕੈਨੇਡੀਅਨ ਦੇ ਖਿਲਾਫ ਖਤਰੇ ਦੇ ਸੰਕੇਤ ਨੂੰ ਸਾਡੀਆਂ ਸੁਰੱਖਿਆ ਸੰਸਥਾਵਾਂ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ
।
WSO ਦੇ ਬਲਪ੍ਰੀਤ ਸਿੰਘ ਨੇ ਕਿਹਾ ਕਿ ਕਈ ਹੋਰ ਕੈਨੇਡੀਅਨ ਸਿੱਖ ਸਿਆਸਤਦਾਨ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਭਾਰਤ ਦੀ ਆਲੋਚਨਾ ਕਰਨ ਤੋਂ ਡਰਦੇ ਹਨ। ਉਹਨਾਂ ਨੇ ਕਿਹਾ ਕਿ ਉਹ ਕਿਸੇ ਵਿਸ਼ੇਸ਼ ਸਿਆਸਤਦਾਨ ਦਾ ਨਾਮ ਨਹੀਂ ਲੈਣਗੇ।
ਮੈਕਫ਼ਰਸਨ ਨੇ ਕਿਹਾ, ਕਲਪਨਾ ਕਰੋ ਕਿ ਇਸ ਦਾ ਸਾਡੇ ਲੋਕਤੰਤਰ ਲਈ ਕੀ ਮਤਲਬ ਹੈ
।
ਕਾਰਨੀ ਕਹਿ ਚੁੱਕੇ ਹਨ ਕਿ ਜਦੋਂ ਕੁਝ ਵੱਡੀਆਂ ਚੁਣੌਤੀਆਂ
‘ਤੇ ਚਰਚਾਵਾਂ ਕਰਨੀਆਂ ਹੁੰਦੀਆਂ ਹਨ, ਤਾਂ ਦੁਨੀਆ ਦੇ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਦੇ ਲੀਡਰ ਨਾਲ ਗੱਲਬਾਤ ਕਰਨਾਂ ਸਾਰਥਕਤਾ ਹੈ।
ਮੋਦੀ ਪਿਛਲੇ ਕਈ ਜੀ-7 ਸੰਮੇਲਨਾਂ ਵਿੱਚ ਹਾਜ਼ਰ ਰਹੇ ਹਨ। ਪਿਛਲੇ ਸਾਲ ਇਟਲੀ ਵਿੱਚ ਹੋਏ ਸੰਮੇਲਨ ਵਿੱਚ ਉਹਨਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨਾਲ ਆਹਮੋ-ਸਾਹਮਣੇ ਦੀ ਸੰਖੇਪ ਚਰਚਾ ਕੀਤੀ ਸੀ।
ਬੁੱਧਵਾਰ ਨੂੰ ਕਾਰਨੀ ਦੀ ਕੌਕਸ ਦੇ ਕੁਝ ਮੈਂਬਰਾਂ ਨੇ ਉਹਨਾਂ ਨਾਲ ਮਿਲ ਕੇ ਮੋਦੀ ਨੂੰ ਸੱਦਣ ਦੇ ਫ਼ੈਸਲੇ ‘ਤੇ ਆਪਣੇ ਖ਼ਦਸ਼ੇ ਜ਼ਾਹਰ ਕੀਤੇ, ਹਾਲਾਂਕਿ ਕੁਝ ਐਮਪੀਜ਼ ਨੇ ਜੀ-7 ਸੱਦੇ ਦਾ ਬਚਾਅ ਵੀ ਕੀਤਾ।
ਲਿਬਰਲ ਐਮਪੀ ਚਾਰਲਜ਼ ਸੂਜ਼ਾ ਨੇ ਕਿਹਾ ਕਿ ਕੈਨੇਡਾ ਵਿਸ਼ਵ ਮੰਚ ‘ਤੇ ਆਪਣੀ ਸਥਿਤੀ ਬਾਰੇ ਫ਼ਿਕਰਮੰਦ ਹੈ।
ਇੱਕ ਗਲੋਬਲ ਚਰਚਾ ਵਿਚ ਭਾਰਤ ਨੂੰ ਹਿੱਸਾ ਬਣਾਉਣਾ ਸਮਝਦਾਰੀ ਹੈ
।
ਜੂਨ 2023 ਵਿਚ ਇੱਕ ਖ਼ਾਲਿਸਤਾਨੀ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਇਲਜ਼ਾਮ ਕੈਨੇਡਾ ਨੇ ਭਾਰਤ ਤੇ ਲਗਾਇਆ ਸੀ, ਜਿਸ ਤੋਂ ਬਾਅਦ ਦੋਹਾਂ ਮੁਲਕਾਂ ਦੇ ਸਬੰਧ ਤਣਾਅਪੂਰਨ ਹਨ। ਆਰਸੀਐਮਪੀ ਦਾ ਵੀ ਇਲਜ਼ਾਮ ਹੈ ਕਿ ਕੈਨੇਡਾ ਵਿਚ ਹੁੰਦੇ ਕਈ ਹਿੰਸਕ ਅਪਰਾਧਾਂ ਦੇ ਤਾਰ ਭਾਰਤ ਸਰਕਾਰ ਨਾਲ ਜੁੜੇ ਹਨ।
