ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਕਿੰਗਜ਼ ਨੇ 2014 ਦੇ ਟੂਰਨਾਮੈਂਟ ਤੋਂ ਬਾਅਦ ਪਹਿਲੀ ਵਾਰ IPL ਪਲੇਆਫ਼ ਵਿੱਚ ਜਗ੍ਹਾ ਬਣਾਈ ਹੈ। ਲੰਬੇ 11 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਉਹਨਾਂ ਨੂੰ ਅਜਿਹੀ ਟੀਮ, ਕੋਚ ਅਤੇ ਕਪਤਾਨ ਮਿਲੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਮੁੜ ਤੋਂ ਇਕ ਗੰਭੀਰ ਦਾਅਵੇਦਾਰ ਬਣਾਇਆ ਹੈ। ਇਨ੍ਹਾਂ ਸਭ ਤੋਂ ਵਧ ਕੇ, ਪੰਜਾਬ ਆਪਣੀ ਘਰੇਲੂ ਜਮੀਨ ‘ਤੇ IPL 2025 ਦੇ ਪਲੇਆਫ਼ ਦਾ ਸਵਾਗਤ ਕਰਨ ਜਾ ਰਿਹਾ ਹੈ, ਜਿੱਥੇ ਉਹ ਰੌਇਲ ਚੈਲੈਂਜਰਜ਼ ਬੈਂਗਲੁਰੂ ਦੇ ਖਿਲਾਫ਼ ਨਵੇਂ PCA ਸਟੇਡੀਅਮ, ਮੁਲਾਂਪੁਰ, ਨਵਾਂ ਚੰਡੀਗੜ੍ਹ ਵਿੱਚ ਮੁਕਾਬਲਾ ਕਰਨਗੇ।
ਪੰਜਾਬ ਦੀ ਟੀਮ ਘਰੇਲੂ ਮੈਦਾਨ ਦੇ ਫਾਇਦੇ ਨੂੰ ਹਥਿਆਰ ਵਜੋਂ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ RCB ਵਰਗੀ ਬਹੁਤ ਲੋਕਪਰੀਅ ਟੀਮ ਦੇ ਖ਼ਿਲਾਫ਼ ਮੋਮੈਂਟਮ ਆਪਣੇ ਹੱਕ ‘ਚ ਕੀਤਾ ਜਾ ਸਕੇ। ਅਰਸ਼ਦੀਪ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਆ ਕੇ ਟੀਮ ਨੂੰ ਸਹਿਯੋਗ ਦੇਣ, ਕਿਉਂਕਿ ਇਹ ਸਿਰਫ਼ ਦੂਜੀ ਵਾਰੀ ਹੋਵੇਗਾ ਕਿ ਪੰਜਾਬ IPL ਫਾਈਨਲ ਵਿੱਚ ਪੁੱਜਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸਨੈਪਚੈਟ ‘ਤੇ ਇਕ ਫੈਨ ਵੱਲੋਂ ਪੰਜਾਬ ਨੂੰ ਦੂਰੋਂ ਸਮਰਥਨ ਦੇਣ ਦੀ ਗੱਲ ‘ਤੇ ਜਵਾਬ ਦਿੰਦਿਆਂ ਅਰਸ਼ਦੀਪ ਨੇ ਕਿਹਾ,
“ਤੁਸੀਂ ਪੰਜਾਬੀ ਨਹੀਂ ਹੋ ਫਿਰ ਵੀ ਪੰਜਾਬ ਨੂੰ ਸਮਰਥਨ ਦੇ ਰਹੇ ਹੋ, ਇਸ ਲਈ ਧੰਨਵਾਦ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਕਈ ਲੋਕ ਆਪਣੇ ਸੂਬੇ ਦੀ ਟੀਮ ਦੀ ਥਾਂ ਹੋਰ ਟੀਮਾਂ ਦੇ ਫੈਨ ਹਨ। ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਰਾਜ ਟੀਮ, ਪੰਜਾਬ ਨੂੰ ਸਮਰਥਨ ਦਿਓ, ਮੈਚ ਵੇਖਣ ਵੱਡੀ ਗਿਣਤੀ ਵਿੱਚ ਆਓ, ਤੇ ਸਾਨੂੰ ਜਿੱਤਦਿਆਂ ਦੇਖੋ।”
